ਜੈਤੋ, 21 ਮਈ (ਗੁਰਚਰਨ ਸਿੰਘ ਗਾਬੜੀਆ)-ਸ੍ਰੀ ਅਗਰਵਾਲ ਸਭਾ ਜੈਤੋ ਵਲੋਂ ਜੈਤੋ ਹਲਕੇ ਦੀ ਬੇਟੀ ਹਰਲੀਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿਚੋਂ ਪੰਜਾਬ ਭਰ ਵਿਚੋਂ ਅੱਵਲ ਆਉਣ 'ਤੇ ਸਨਮਾਨਿਤ ਕੀਤਾ ਗਿਆ | ਸਭਾ ਦੇ ਪ੍ਰਚਾਰ ਸਕੱਤਰ ਅਸ਼ੋਕ ਜਿੰਦਲ ਨੇ ਦੱਸਿਆ ਕਿ ਸਭਾ ਸਮੇਂ ਸਮੇਂ 'ਤੇ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਕਰਦੀ ਰਹਿੰਦੀ ਹੈ | ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਸਮਾਰੋਹ ਕਰਨ ਨਾਲ ਅੱਵਲ ਦਰਜਾ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਹੌਸਲਾ ਮਿਲਦਾ ਹੈ ਅਤੇ ਉਹ ਅਗਾਂਹ ਵਧਣ ਦੀ ਕੋਸ਼ਿਸ਼ ਕਰਦਾ ਹੈ | ਇਸ ਦੇ ਨਾਲ ਹੀ ਦੂਜੇ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਵੱਧਦੀ ਹੈ | ਸਭਾ ਦੇ ਕਾਰਜਕਾਰੀ ਪ੍ਰਧਾਨ ਰਜੀਵ ਗੋਇਲ ਬਿੱਟੂ ਬਾਦਲ ਨੇ ਬੱਚੀ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਾਨੂੰ ਮਾਨ ਹੋਵੇਗਾ ਕਿ ਜੇਕਰ ਉਹ ਇਸੇ ਤਰ੍ਹਾਂ ਅੱਗੇ ਵਧਦੀ ਰਹੇ ਅਤੇ ਅਸੀਂ ਉਸ ਦਾ ਇਸੇ ਤਰ੍ਹਾਂ ਮੁੜ ਤੋਂ ਸਨਮਾਨ ਕਰੀਏ | ਸਭਾ ਦੇ ਸਹਿ ਸਕੱਤਰ ਰਮੇਸ਼ ਬਾਂਸਲ ਨੇ ਕਿਹਾ ਕਿ ਇਹ ਤਾਂ ਇਸ ਬੱਚੀ ਦੀ ਪਹਿਲੀ ਪੌੜੀ ਹੈ ਇਸ ਨੇ ਅੱਗੇ ਆਉਣ ਵਾਲੇ ਮੌਕਿਆਂ ਨੂੰ ਪ੍ਰਾਪਤ ਕਰਕੇ ਬਹੁਤ ਅੱਗੇ ਜਾਣਾ ਹੈ | ਸਭਾ ਦੇ ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ ਦੀ ਪ੍ਰਧਾਨਗੀ ਹੇਠ ਲਾਈਨ ਹਸਪਤਾਲ ਵਿਖੇ ਹੋਇਆ ਇਹ ਸਮਾਰੋਹ ਯਾਦਗਾਰੀ ਹੋ ਨਿਬੜਿਆ | ਸਮਾਰੋਹ ਦੇ ਅੰਤ ਵਿਚ ਹਰਲੀਨ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹਰਲੀਨ ਦੇ ਪਿਤਾ ਜਸਵਿੰਦਰ ਸ਼ਰਮਾ ਆਪਣੇ ਪੂਰੇ ਪਰਿਵਾਰ ਸਮੇਤ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਖਜ਼ਾਨਚੀ ਪ੍ਰਵੀਨ ਜੈਨ, ਸਹਿ-ਸਕੱਤਰ ਰਮੇਸ਼ ਬਾਂਸਲ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਸਤੀਸ਼ ਲੰਬਵਾਲੀ, ਯੋਗੇਸ਼ ਬਾਂਸਲ, ਸਤੀਸ਼ ਬਰਗਾੜੀ, ਪ੍ਰੇਮ ਬਾਜਾਖਾਨਾ, ਪੰਕਜ ਮਿੱਤਲ ਅਧਿਆਪਕ, ਬਲਵਿੰਦਰ ਮੰਗਲਾ ਆਦਿ ਹਾਜ਼ਰ ਸਨ |