ਮਲੋਟ, 29 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਨਗਰ ਕੌਂਸਲ ਚੋਣਾਂ ਦੌਰਾਨ ਆਏ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ | ਸੱਤਾਧਿਰ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਤਾਂ ਆਈ ਪਰ ਬਹੁਮਤ ਹਾਸਿਲ ਕਰਨ ਤੋਂ ਦੂਰ ਰਹੀ | ਆਮ ਆਦਮੀ ਪਾਰਟੀ ਨੇ 12 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਵਿਰੋਧੀ ਧਿਰ ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 7 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਮਜ਼ਬੂਤ ਹਾਜ਼ਰੀ ਦਰਜ ਕਰਵਾਈ | ਚੋਣਾਂ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਮਲੋਟ ਆਗੂਆਂ ਵਲੋਂ ਨਗਰ ਕੌਂਸਲ ਵਿਚ ਵੱਡਾ ਬਹੁਮਤ ਹਾਸਲ ਕਰਕੇ ਕਮੇਟੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਨਤੀਜਿਆਂ ਨੇ ਇਨ੍ਹਾਂ ਸਿਆਸੀ ਦਾਅਵਿਆਂ ਨੂੰ ਝਟਕਾ ਦਿੱਤਾ ਅਤੇ ਵਿਰੋਧੀ ਪਾਰਟੀਆਂ ਨੇ ਕਈ ਵਾਰਡਾਂ ਵਿਚ ਜਿੱਤ ਦਰਜ ਕਰਵਾ ਕੇ ਨਵਾਂ ਸਮੀਕਰਨ ਖੜ੍ਹਾ ਕਰ ਦਿੱਤਾ | ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਕੁਲਦੀਪ ਕੌਰ ਪਤਨੀ ਸੁਰਮੁਖ ਸਿੰਘ ਨੇ 490 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ, ਜਦਕਿ ਅਕਾਲੀ ਦਲ ਦੇ ਉਮੀਦਵਾਰ ਨੂੰ 287 ਵੋਟਾਂ ਮਿਲੀਆਂ | ਵਾਰਡ ਨੰਬਰ 2 ਵਿਚ 'ਆਪ' ਦੇ ਜਸਮੀਤ ਸਿੰਘ ਨੇ 700 ਵੋਟਾਂ ਨਾਲ ਅਕਾਲੀ ਦਲ ਦੇ ਪਿੰਦਰ ਕੰਗ ਨੂੰ 58 ਵੋਟਾਂ ਦੇ ਫ਼ਰਕ ਨਾਲ ਹਰਾਇਆ | ਵਾਰਡ ਨੰਬਰ 3 ਵਿਚ ਕਾਂਗਰਸ ਦੀ ਮੀਨੂੰ ਖੇੜਾ ਨੇ 556 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ | ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਕੇਵਲ ਕਿ੍ਸ਼ਨ ਨੇ 623 ਵੋਟਾਂ ਹਾਸਿਲ ਕਰਕੇ ਕਾਂਗਰਸ ਦੇ ਜਤਿੰਦਰ ਕੁਮਾਰ ਪਿੰਟੂ ਨੂੰ ਹਰਾਇਆ, ਜਿਨ੍ਹਾਂ ਨੂੰ 515 ਵੋਟਾਂ ਮਿਲੀਆਂ | ਵਾਰਡ ਨੰਬਰ 5 ਤੋਂ ਗਗਨੇਜਾ ਪਰਿਵਾਰ ਦੀ ਸੰਤੋਸ਼ ਰਾਣੀ ਪਤਨੀ ਬਲਦੇਵ ਕੁਮਾਰ ਲਾਲੀ ਗਗਨੇਜਾ ਜੈਨ ਨੇ 856 ਵੋਟਾਂ ਨਾਲ ਵੱਡੀ ਜਿੱਤ ਦਰਜ ਕੀਤੀ, ਜਦਕਿ ਕਾਂਗਰਸ ਨੂੰ 331 ਅਤੇ ਅਕਾਲੀ ਦਲ ਨੂੰ 282 ਵੋਟਾਂ ਮਿਲੀਆਂ | ਵਾਰਡ ਨੰਬਰ 6 ਤੋਂ ਜੰਗਬਾਜ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ | ਵਾਰਡ ਨੰਬਰ 7 ਤੋਂ ਕਾਂਗਰਸ ਦੀ ਸੁਮਨ ਰਾਣੀ ਨੇ 445 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਵਾਰਡ ਨੰਬਰ 8 ਤੋਂ ਸੋਨੂੰ ਡਾਵਰ ਨੇ 784 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 9 ਤੋਂ ਰਾਣੀ ਨੇ 1132 ਵੋਟਾਂ ਨਾਲ ਵੱਡੇ ਫ਼ਰਕ ਨਾਲ ਜਿੱਤ ਦਰਜ ਕੀਤੀ | ਵਾਰਡ ਨੰਬਰ 10 ਤੋਂ ਅਕਾਲੀ ਦਲ ਦੇ ਅਸ਼ੋਕ ਬਜਾਜ ਨੇ 852 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ | ਵਾਰਡ ਨੰਬਰ 11 ਤੋਂ ਪੂਜਾ ਰਾਣੀ ਪਤਨੀ ਟੈਨੀ ਐੱਮ.ਸੀ. ਨੇ 914 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਅਤੇ ਵਾਰਡ ਨੰਬਰ 12 ਤੋਂ 'ਆਪ' ਦੇ ਜਗਤੇਜ ਸਿੰਘ 344 ਵੋਟਾਂ ਨਾਲ ਜੇਤੂ ਰਹੇ | ਇਸੇ ਤਰ੍ਹਾਂ ਵਾਰਡ ਨੰਬਰ 13 ਤੋਂ ਅਕਾਲੀ ਦਲ ਦੀ ਸੁਖਜੀਤ ਕੌਰ, ਵਾਰਡ 14 ਤੋਂ ਗੋਲਡੀ ਭੁੱਲਰ ਅਤੇ ਵਾਰਡ 15 ਤੋਂ ਰਿੰਕੂ ਜੇਤੂ ਰਹੇ | ਵਾਰਡ 16 ਤੋਂ 'ਆਪ' ਦੇ ਨਰਸਿੰਘ ਰਿੰਕੂ, ਵਾਰਡ 17 ਤੋਂ 'ਆਪ' ਦੀ ਅੰਮਿ੍ਤਾ ਖੰਨਾ, ਵਾਰਡ 18 ਤੋਂ ਵੀ 'ਆਪ' ਦੇ ਪ੍ਰਵੀਨ ਕੁਮਾਰ ਅਤੇ ਵਾਰਡ 20 ਤੋਂ ਲਾਲ ਚੰਦ ਨੇ ਜਿੱਤ ਹਾਸਿਲ ਕੀਤੀ | ਵਾਰਡ ਨੰਬਰ 19 ਤੋਂ ਕਾਂਗਰਸ ਦੀ ਸੁਨੀਤਾ ਰਾਣੀ ਅਤੇ ਵਾਰਡ 21 ਤੋਂ ਕਾਂਗਰਸ ਦੀ ਸਭ ਤੋਂ ਛੋਟੀ ਉਮਰ ਦੀ ਉਮੀਦਵਾਰ ਗੁਣਗੁਣ ਜੇਤੂ ਰਹੀ | ਵਾਰਡ 22 ਅਤੇ 23 ਤੋਂ 'ਆਪ' ਦੇ ਜੋਨੀ ਗਰਗ ਤੇ ਸਾਰਿਕਾ ਗਰਗ ਨੇ ਜਿੱਤ ਦਰਜ ਕੀਤੀ | ਵਾਰਡ ਨੰਬਰ 24 ਤੋਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਅਤੇ ਵਾਰਡ 25 ਤੋਂ ਉਨ੍ਹਾਂ ਦੀ ਭੂਆ ਕੁਲਦੀਪ ਕੌਰ ਨੇ ਕਾਂਗਰਸ ਦੀ ਟਿਕਟ 'ਤੇ ਜਿੱਤ ਹਾਸਿਲ ਕੀਤੀ | ਇਸ ਤੋਂ ਇਲਾਵਾ ਵਾਰਡ ਨੰ 26 ਤੋਂ 'ਆਪ' ਦੇ ਰਮਨ ਅਤੇ ਵਾਰਡ 27 ਤੋਂ ਵੀ 'ਆਪ' ਦੇ ਹੀ ਬਲਜੀਤ ਕੌਰ ਜੇਤੂ ਰਹੇ | ਮਲੋਟ ਨਗਰ ਕੌਂਸਲ ਦੇ ਇਹ ਨਤੀਜੇ ਹੁਣ ਸ਼ਹਿਰ ਦੀ ਅਗਲੀ ਸਿਆਸੀ ਦਿਸ਼ਾ ਅਤੇ ਕਮੇਟੀ ਬਣਾਉਣ ਦੇ ਸਮੀਕਰਨਾਂ ਨੂੰ ਲੈ ਕੇ ਚਰਚਾ ਦਾ ਕੇਂਦਰ ਬਣੇ ਹੋਏ ਹਨ |