ਮਲੋਟ, 30 ਮਈ (ਪਾਟਿਲ)-ਮਲੋਟ ਤੋਂ ਬੁਰਜਾਂ ਰੋਡ ਨੇੜੇ ਮਹਾਰਾਜਾ ਰਣਜੀਤ ਸਿੰਘ ਕਾਲਜ ਸਥਿਤ ਇੰਦਰ ਮੋਹਨ ਐਂਡ ਕੰਪਨੀ ਇੱਟਾਂ ਦੇ ਭੱਠੇ 'ਤੇ ਗੁਣੇ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬਿ੍ਗੇਡ ਮਲੋਟ ਦੀਆਂ ਦੋ ਗੱਡੀਆਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕੀਤੀ | ਅੱਗ ਕਾਫ਼ੀ ਜ਼ਿਆਦਾ ਫ਼ੈਲ ਚੁੱਕੀ ਸੀ ਅਤੇ ਅੱਗ ਭਿਆਨਕ ਹੋਣ ਕਾਰਨ ਤੁਰੰਤ ਗਿੱਦੜਬਾਹਾ ਤੇ ਅਬੋਹਰ ਤੋਂ ਫਾਇਰ ਬਿ੍ਗੇਡ ਦੀਆਂ ਹੋਰ ਗੱਡੀਆਂ ਨੂੰ ਮੌਕੇ 'ਤੇ ਸੱਦਿਆ ਗਿਆ | ਸਾਰੇ ਸ਼ਹਿਰਾਂ ਦੇ ਫਾਇਰ ਫਾਈਟਰਾਂ ਨੇ ਸਾਂਝੇ ਤੌਰ 'ਤੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ | ਫਾਇਰ ਬਿ੍ਗੇਡ ਦੀ ਇਸ ਤੁਰੰਤ ਅਤੇ ਮੁਸਤੈਦ ਕਾਰਵਾਈ ਸਦਕਾ ਆਸਪਾਸ ਦੇ ਇਲਾਕੇ ਦਾ ਵੱਡਾ ਨੁਕਸਾਨ ਹੋਣੋਂ ਬਚ ਗਿਆ | ਇਸ ਸਾਰੇ ਆਪ੍ਰੇਸ਼ਨ ਨੂੰ ਫਾਇਰ ਅਫ਼ਸਰ ਮਲੋਟ ਹਰਜੀਤ ਸਿੰਘ ਦੀ ਅਗਵਾਈ ਹੇਠ ਨੇਪਰੇ ਚਾੜਿ੍ਹਆ ਗਿਆ | ਅੱਗ 'ਤੇ ਕਾਬੂ ਪਾਉਣ ਵਾਲੀ ਇਸ ਟੀਮ ਵਿਚ ਮੁੱਖ ਤੌਰ 'ਤੇ ਸੁਖਚੈਨ ਸਿੰਘ (ਡੀ.ਓ.), ਹਰਵਿੰਦਰ ਸਿੰਘ (ਡੀ.ਓ.), ਬਿਕਰਮ ਸਿੰਘ (ਐੱਫ਼.ਐੱਮ.), ਅਸ਼ੋਕ (ਐੱਫ਼.ਐੱਮ.), ਗੁਰਪ੍ਰੀਤ ਸਿੰਘ (ਐੱਫ਼.ਐੱਮ.), ਭੁਪਿੰਦਰ ਸਿੰਘ (ਐੱਫ਼.ਐੱਮ.), ਵਰਿੰਦਰ ਸਿੰਘ (ਐੱਫ਼.ਐੱਮ.) ਆਦਿ ਕਰਮਚਾਰੀਆਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮੌਕੇ 'ਤੇ ਡਿਊਟੀ ਨਿਭਾਈ ਅਤੇ ਸਥਿਤੀ ਨੂੰ ਕੰਟਰੋਲ 'ਚ ਕੀਤਾ | ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ |