ਮਲੋਟ, 21 ਜੂਨ (ਪਾਟਿਲ)-ਡੀ.ਏ.ਵੀ. ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਇਕ ਰੋਜ਼ਾ ਯੋਗ ਕੈਂਪ ਲਗਾਇਆ। ਪ੍ਰੋਗਰਾਮ ਦੀ ਸ਼ੁਰੂਆਤ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਦੀ ਅਗਵਾਈ ਹੇਠ ਯੋਗ ਆਸਣਾਂ ਤੇ ਪ੍ਰਾਣਾਯਾਮ ਨਾਲ ਕੀਤੀ ਗਈ। ਇਸ ਮੌਕੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਅਨੁਲੋਮ ਵਿਲੋਮ, ਕਪਾਲਭਾਤੀ, ਭ੍ਰਾਮਰੀ, ਉਜਯੀ, ਵਜਰਾਸਨ, ਯੋਗਮੁਦਰਾਸਨ, ਤਾਡਾਸਨ, ਤ੍ਰਿਕੋਣਾਸਨ, ਸ਼ਵਾਸਨ, ਹਸਯਾਸਨ, ਕਈ ਸੂਖਮ ਆਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕੀਤਾ ਗਿਆ। ਇਸ ਮੌਕੇ ਆਸਣ ਤੇ ਪ੍ਰਾਣਾਯਾਮ ਕਰਦੇ ਹੋਏ ਯੋਗ ਗੁਰੂ ਰਾਮ ਚੰਦਰ ਸ਼ਾਸਤਰੀ ਨੇ ਕਿਹਾ ਕਿ ਯੋਗ ਜੀਵਨ ਜਿਊਣ ਦੀ ਕਲਾ ਹੈ ਅਤੇ ਜੇਕਰ ਕੋਈ ਵਿਅਕਤੀ ਰੋਜ਼ਾਨਾ ਯੋਗਾ ਕਰਦਾ ਹੈ, ਤਾਂ ਉਹ ਆਪਣੇ ਸਾਰੇ ਰੋਗਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਹਰ ਕਿਸੇ ਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ਼ ਅਤੇ ਬੱਚੇ ਮੌਜੂਦ ਸਨ।
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਰਟ ਆਫ਼ ਲਿਵਿੰਗ ਦੇ ਗਿੱਦੜਬਾਹਾ ਚੈਪਟਰ, ਹੈਪੀਨੈੱਸ ਯੋਗਾ ਗਰੁੱਪ ਅਤੇ ਪਤੰਜਲੀ ਯੋਗ ਸੰਮਤੀ ਗਿੱਦੜਬਾਹਾ ਵਲੋਂ ਇਕੋ ਫਰੈਂਡਲੀ ਗਰੁੱਪ ਗਿੱਦੜਬਾਹਾ ਦੇ ਸਹਿਯੋਗ ਨਾਲ ਸਥਾਨਕ ਚਿਰੰਜੀ ਲਾਲ ਧੀਰ ਮਿਊਂਸਪਲ ਪਾਰਕ ਵਿਖੇ ਵਿਸ਼ੇਸ਼ ਯੋਗ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸ਼ਹਿਰ ਦੇ ਵੱਡੀ ਗਿਣਤੀ ਵਿਚ ਨੌਜਵਾਨਾਂ, ਰਤਾਂ ਤੇ ਬਜ਼ੁਰਗਾਂ ਨੇ ਭਾਗ ਲੈ ਕੇ ਯੋਗ ਅਭਿਆਸ ਕੀਤਾ ਅਤੇ ਤੰਦਰੁਸਤ ਜੀਵਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਯੋਗ ਗੁਰੂ ਵਿਨੋਦ ਕੁਮਾਰ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਣਾਂ, ਪ੍ਰਾਣਾਯਾਮ ਤੇ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕਰਵਾਇਆ। ਇਕੋ ਫਰੈਂਡਲੀ ਗਰੁੱਪ ਦੇ ਮੈਂਬਰਾਂ ਨੇ ਕੁਦਰਤ ਨਾਲ ਜੁੜੇ ਰਹਿਣ ਅਤੇ ਵਾਤਾਵਰਨ ਦੀ ਰੱਖਿਆ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਆਰਟ ਆਫ਼ ਲਿਵਿੰਗ ਦੇ ਟੀਚਰ ਦਵਿੰਦਰ ਸਿੰਗਲਾ, ਤਰਸੇਮ ਗਰਗ ਅੰਬੀ, ਇਕੋ ਫਰੈਡਲੀ ਗਰੁੱਪ ਦੇ ਰਾਜੇਸ਼ ਬਾਂਸਲ, ਭੀਮ ਸੈਨ, ਪਵਨ ਗਰਗ, ਮਹੇਸ਼ ਬਾਂਸਲ, ਅਮਰਜੀਤ ਸਿੰਘ, ਬਲਜਿੰਦਰ ਕੁਮਾਰ ਪ੍ਰੇਮੀ, ਗੁਰਪ੍ਰੀਤ ਦੁੱਗਲ, ਹੈਪੀਨੈੱਸ ਯੋਗਾ ਗਰੁੱਪ ਹਰਵਿੰਦਰ ਬਾਂਸਲ ਪਪਲੂ, ਐਡਵੋਕੇਟ ਲਵਲੀਸ਼ ਗੋਇਲ, ਰਾਜੀਵ ਗੋਇਲ, ਪਤੰਜਲੀ ਯੋਗ ਸੰਮਤੀ ਦੇ ਮਦਨ ਲਾਲ ਆਰੀਆ ਅਤੇ ਦੇਵੀ ਦਿਆਲ ਮਿੱਤਲ ਤੋਂ ਇਨਾਵਾ ਵਨੀਤ ਜਿੰਦਲ ਮੋਂਟੀ ਵੀ ਮੌਜੂਦ ਸਨ।
ਜੇ.ਐਨ.ਜੇ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਯੋਗ ਦਿਵਸ ਮਨਾਇਆ
ਗਿੱਦੜਬਾਹਾ, 21 ਜੂਨ (ਪਰਮਜੀਤ ਸਿੰਘ ਥੇੜ੍ਹੀ)-ਜੇ.ਐੱਨ.ਜੇ. ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਦੀ ਅਗਵਾਈ ਹੇਠ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਯੋਗ ਦਿਵਸ ਦੌਰਾਨ ਫ਼ਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਹਰਕਰਨ ਸਿੰਘ, ਐੱਨ.ਸੀ.ਸੀ. ਇੰਚਾਰਜ ਹਰਪ੍ਰੀਤ ਸਿੰਘ, ਕ੍ਰਿਕਟ ਕੋਚ ਗਗਨਦੀਪ ਸਿੰਘ ਤੇ ਲਾਇਬ੍ਰੇਰੀਅਨ ਸਿਕੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਰਿਦਮਿਕ ਯੋਗਾ ਕਰਵਾਇਆ। ਇਸ ਮੌਕੇ ਪ੍ਰਿੰ. ਗੁਰਦਾਸ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੋਗ ਸਿਰਫ਼ ਇਕ ਕਸਰਤ ਨਹੀਂ, ਸਗੋਂ ਤੰਦਰੁਸਤ ਤੇ ਅਨੁਸ਼ਾਸਿਤ ਜੀਵਨ ਜਿਉਣ ਦੀ ਕਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੋਜ਼ਾਨਾ ਯੋਗ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੌਜੂਦਾ ਦੌਰ ਵਿਚ ਤਣਾਅ ਤੇ ਬਿਮਾਰੀਆਂ ਤੋਂ ਬਚਣ ਲਈ ਯੋਗ ਅਪਣਾਉਣਾ ਬਹੁਤ ਜ਼ਰੂਰੀ ਹੈ।
ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਵਿਲੱਖਣ ਯੋਗ ਅਤੇ ਧਿਆਨ ਸਾਧਨਾ ਕੈਂਪ ਲਗਾਇਆ
ਮਲੋਟ, 21 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀ ਡੱਬਵਾਲੀ ਸ਼ਾਖ਼ਾ ਵਲੋਂ ਵਿਲੱਖਣ ਯੋਗ ਅਤੇ ਧਿਆਨ ਸਾਧਨਾ ਕੈਂਪ ਲਗਾਇਾ ਗਿਆ। ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ‘ਚ ਸਾਧਕਾਂ, ਨੌਜਵਾਨਾਂ ਤੇ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਯੋਗ ਤੇ ਧਿਆਨ ਰਾਹੀਂ ਸਿਹਤਮੰਦ ਜੀਵਨ ਦਾ ਸੰਦੇਸ਼ ਪ੍ਰਾਪਤ ਕੀਤਾ। ਇਸ ਮੌਕੇ ਯੋਗ ਪ੍ਰਸ਼ਿਕਸ਼ਕ ਜੀਤ ਹੰਸ ਨੇ ਹਾਜ਼ਰ ਜਨ ਸਮੂਹ ਨੂੰ ਵੱਖ-ਵੱਖ ਯੋਗ ਆਸਨਾਂ, ਪ੍ਰਾਣਾਯਾਮ ਅਤੇ ਸਰਲ ਕਸਰਤਾਂ ਦਾ ਅਭਿਆਸ ਕਰਵਾਇਆ। ਪ੍ਰੋਗਰਾਮ ਦੌਰਾਨ ਸਵਾਮੀ ਜਸਪਾਲ ਨੇ ਯੋਗ ਤੇ ਧਿਆਨ ਦੇ ਆਧਿਆਤਮਿਕ ਮਹੱਤਵ ਬਾਰੇ ਚਾਨਣਾ ਪਾਇਆ।
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਯੋਗ ਦਿਵਸ ਮਨਾਇਆ
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)-ਡ.ਏ.ਵੀ. ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਦੀਆਂ ਹਦਾਇਤਾਂ ਤੇ ਪ੍ਰਿੰਸੀਪਲ ਰਾਜੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਬਲਕਰਨ ਸਿੰਘ ਦੀ ਅਗਵਾਈ ਹੇਠ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਗਿੱਦੜਬਾਹਾ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਾਜਨ ਨੇ ਵਿਦਿਆਰਥੀਆਂ ਤੇ ਸਟਾਫ਼ ਨੂੰ ਯੋਗ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰੋਫ਼ੈਸਰ ਬਲਕਰਨ ਸਿੰਘ ਨੇ ਵਿਦਿਆਰਥੀਆਂ ਨੂੰ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਉਂਦੇ ਹੋਏ ਦੱਸਿਆ ਕਿ ਯੋਗ ਵਿਧੀ ਦੀ ਮਦਦ ਨਾਲ ਨਸ਼ੇ ਵਰਗੀ ਭਿਆਨਕ ਬੁਰਾਈ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਕਾਲਜ ਦੇ ਜਸਵਿੰਦਰ ਬਾਘਲਾ, ਰੋਮਨ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ, ਪ੍ਰੋਫ਼ੈਸਰ ਹਰਦੀਪ ਕੌਰ, ਮਨੀਸ਼ਾ ਰਾਣੀ, ਭੂਪਤੀ ਪ੍ਰਸ਼ਾਦ, ਮਮਤਾ ਰਾਣੀ, ਇੰਦੂ ਬਾਲਾ ਤੇ ਵਿਨੋਦ ਕੁਮਾਰ ਵੀ ਮੌਜੂਦ ਸਨ।
ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਯੋਗ ਕੈਂਪ
ਗਿੱਦੜਬਾਹਾ, (ਪਰਮਜੀਤ ਸਿੰਘ ਥੇੜ੍ਹੀ)- ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ‘ਤੇ ਯੋਗਾ ਵਿਦ ਵੀ.ਕੇ.ਬੀ. ਵਲੋਂ ਤਿਲਕ ਨਗਰ ਵਿਖੇ ਵਿਸ਼ੇਸ਼ ਯੋਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਇਲਾਕੇ ਦੇ ਵੱਡੀ ਗਿਣਤੀ ‘ਚ ਲੋਕਾਂ ਨੇ ਭਾਗ ਲੈ ਕੇ ਯੋਗ ਅਭਿਆਸ ਕੀਤਾ ਅਤੇ ਸਿਹਤਮੰਦ ਜੀਵਨ ਲਈ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪ੍ਰਸਿੱਧ ਯੋਗ ਗੁਰੂ ਵਨੀਤ ਕੇ. ਬਾਂਸਲ ਨੇ ਭਾਗੀਦਾਰਾਂ ਨੂੰ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਤੇ ਧਿਆਨ ਦੀਆਂ ਵਿਧੀਆਂ ਦਾ ਅਭਿਆਸ ਕਰਵਾਇਆ। ਯੋਗ ਗੁਰੂ ਵਨੀਤ ਕੇ. ਬਾਂਸਲ ਨੇ ਕਿਹਾ ਕਿ ਨਿਯਮਿਤ ਯੋਗ ਅਭਿਆਸ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ।
ਕਚਹਿਰੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਸ੍ਰੀ ਮੁਕਤਸਰ ਸਾਹਿਬ, 21 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀਮਤੀ ਜਸਵਿੰਦਰ ਸ਼ੀਮਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਨੀਰਜ ਕੁਮਾਰ ਸਿੰਗਲਾ ਸਿਵਲ ਜੱਜ (ਸੀਨੀਅਰ ਡਵੀਜ਼ਨ) ਕਮ ਇੰਚਾਰਜ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹਾ ਕਚਹਿਰੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਟਾਫ਼ ਸਮੇਤ ਯੋਗਾ ਦਿਵਸ ਵਿਚ ਭਾਗ ਲਿਆ। ਯੋਗ ਟਰੇਨਰ ਗੁਰਬਿੰਦਰ ਸਿੰਘ ਵਲੋਂ ਹਾਜ਼ਰ ਹੋਏ ਮੈਂਬਰਾਂ ਨੂੰ ਯੋਗ ਪ੍ਰਣਾਲੀ ਰਾਹੀਂ ਯੋਗਾ ਕਰਵਾਇਆ ਗਿਆ ਅਤੇ ਉਨ੍ਹਾਂ ਵਲੋਂ ਅਪੀਲ ਕੀਤੀ ਗਈ ਕਿ ਹਰੇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿਚ ਯੋਗਾ ਕਰਨਾ ਚਾਹੀਦਾ ਹੈ ਤੇ ਯੋਗਾ ਤੋਂ ਹੋਣ ਵਾਲੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜੱਜ ਸਾਹਿਬ ਨੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਅਤੇ ਯੋਗਾ ਤੋਂ ਮਿਲਣ ਵਾਲੇ ਲਾਭਾਂ ਬਾਰੇ ਦੱਸਦੇ ਹੋਏ ਰੋਜ਼ਾਨਾ ਯੋਗਾ ਕਰਨ ਲਈ ਜਾਗਰੂਕ ਕੀਤਾ। ਇਸ ਮੌਕੇ ਰਾਜਿੰਦਰ ਪਾਲ ਸ਼ਰਮਾ ਚੀਫ਼ ਲੀਗਲ ਏਡ ਡੀਫੈਂਸ ਕੌਂਸਲ, ਹਰਸ਼ਦੀਪ ਸਿੰਘ ਬਰਾੜ ਡਿਪਟੀ ਚੀਫ਼ ਲੀਗਲ ਏਡ ਡੀਫੈਂਸ ਕੌਂਸਲ, ਪੈਰਾ ਲੀਗਲ ਵਲੰਟੀਅਰਜ਼ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਮਲੋਟ, (ਪਾਟਿਲ, ਅਜਮੇਰ ਸਿੰਘ ਬਰਾੜ) -ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਕਚਹਿਰੀ ਕੰਪਲੈਕਸ ਮਲੋਟ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਅੰਸ਼ੁਮਨ ਸਿਆਗ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਲੋਟ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਯੋਗਾ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਯੋਗਾ ਅਭਿਆਸ ਕਰਵਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਯੋਗਾ ਸਰੀਰਕ, ਮਾਨਸਿਕ ਤੇ ਆਤਮਿਕ ਤੰਦਰੁਸਤੀ ਲਈ ਬਹੁਤ ਲਾਭਦਾਇਕ ਹੈ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਹਰ ਵਿਅਕਤੀ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਦਿਨਚਰਿਆ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਲੀਗਲ ਸਰਵਿਸ ਅਥਾਰਟੀ ਮਲੋਟ ਦੀ ਵਕੀਲ ਸੁਖਦੀਪ ਕੌਰ ਸੰਧੂ, ਪੀ.ਐੱਲ.ਵੀ. ਪਰਮਪਾਲ ਸਿੰਘ ਅਤੇ ਕੋਰਟ ਦਾ ਸਮੂਹ ਸਟਾਫ਼ ਹਾਜ਼ਰ ਸੀ।
ਵੱਖ-ਵੱਖ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
22-06-2026