ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਰਣਜੀਤ ਸਿੰਘ ਢਿੱਲੋਂ)-ਬਿਜਲੀ ਨਿਗਮ ਸ੍ਰੀ ਮੁਕਤਸਰ ਸਾਹਿਬ ਦੇ ਕੰਪਿਊਟਰ ਆਪ੍ਰੇਟਰਾਂ ਅਤੇ ਸਟੋਰ ਦੇ ਆਊਟਸੋਰਸਡ ਕਾਮਿਆਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਜਾਰੀ ਹੈ ਅਤੇ ਅੱਜ ਧਰਨਾ ਪੰਜਵੇਂ ਦਿਨ ਵਿਚ ਦਾਖ਼ਲ ਹੋ ਗਿਆ। ਧਰਨੇ ਵਿਚ ਆਗੂਆਂ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਲਗਾਤਾਰ ਆਪਣੇ ਕੀਤੇ ਹੋਏ ਲਿਖ਼ਤੀ ਸਮਝੌਤਿਆਂ ਤੋਂ ਭੱਜ ਰਹੀ ਹੈ। 24 ਮਈ ਨੂੰ ਬਿਜਲੀ ਮੰਤਰੀ ਤੇ ਬਿਜਲੀ ਮੈਨੇਜਮੈਂਟ ਦੇ ਨਾਲ ਤਾਲਮੇਲ ਕਮੇਟੀ ਦਾ ਸਮਝੌਤਾ ਹੁੰਦਾ ਹੈ, ਜਿਸ ਵਿਚ ਵਿਭਾਗ ਵਲੋਂ ਲਿਖ਼ਤੀ ਕਿਹਾ ਜਾਂਦਾ ਹੈ ਕਿ 15 ਜੂਨ ਤੱਕ ਪਾਵਰਕਾਮ ਤੇ ਟਰਾਂਸਕੋ ਵਿਚ ਸੇਵਾਵਾਂ ਨਿਭਾਉਂਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਅਧੀਨ ਕਰ ਲਿਆ ਜਾਵੇਗਾ, ਪਰ ਅੱਜ ਤੱਕ ਮੈਨੇਜਮੈਂਟ ਵਲੋਂ ਉਹ ਲਿਖ਼ਤੀ ਸਮਝੌਤਾ ਪੂਰਾ ਨਹੀਂ ਕੀਤਾ ਗਿਆ ਹੈ। ਉਲਟਾ ਮੈਨੇਜਮੈਂਟ ਨੇ ਵਰਕਰਾਂ ਨੂੰ ਆਪਸ ਵਿਚ ਵੰਡਣ ਦਾ ਕੰਮ ਫ਼ੜ੍ਹਿਆ ਹੈ, ਜਿਸ ਦੇ ਵਿਰੋਧ ਵਜੋਂ ਇਕ ਤਾਰੀਕ ਤੋਂ ਤਾਲਮੇਲ ਕਮੇਟੀ ਦੇ ਸੱਦੇ ’ਤੇ ਬਿਜਲੀ ਨਿਗਮ ਵਿਚ ਸੇਵਾਵਾਂ ਨਿਭਾਉਂਦੇ ਸਮੂਹ ਆਊਟਸੋਰਸ ਮੁਲਾਜ਼ਮ ਪੂਰੇ ਪੰਜਾਬ ਵਿਚ ਵੱਖ-ਵੱਖ ਵਿਭਾਗੀ ਦਫ਼ਤਰਾਂ ਦੇ ਅੱਗੇ ਦਿਨ-ਰਾਤ ਦੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਮੈਨੇਜਮੈਂਟ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੈਨੇਜਮੈਂਟ ਪਾਵਰਕਾਮ ਤੇ ਟਰਾਂਸਕੋ ਦੇ ਸਮੂਹ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਅਧੀਨ ਲੈਣ ਦਾ ਨੋਟੀਫ਼ਿਕੇਸ਼ਨ ਅੱਜ ਜਾਰੀ ਨਹੀਂ ਕਰਦੀ ਹੈ ਤਾਂ ਮਜ਼ਬੂਰ ਹੋ ਕੇ ਯੂਨੀਅਨ 7 ਜੁਲਾਈ ਤੋਂ ਪਟਿਆਲਾ ਮੁੱਖ ਦਫ਼ਤਰ ਦੇ ਗੇਟ ’ਤੇ ਪਰਿਵਾਰਾਂ ਤੇ ਬੱਚਿਆਂ ਸਮੇਤ ਨੋਟੀਫ਼ਿਕੇਸ਼ਨ ਜਾਰੀ ਹੋਣ ਤੱਕ ਦਿਨ-ਰਾਤ ਦੇ ਲਗਾਤਾਰ ਧਰਨਾ ਦਿੱਤਾ ਜਾਵੇਗਾ।