ਸ੍ਰੀ ਮੁਕਤਸਰ ਸਾਹਿਬ, 6 ਜੁਲਾਈ (ਹਰਮਹਿੰਦਰ ਪਾਲ)-ਭਾਰਤ ਚੋਣ ਕਮਿਸ਼ਨ ਵਲੋਂ ਚਲਾਈ ਜਾ ਰਹੀ ਐੱਸ.ਆਈ.ਆਰ. ਪ੍ਰਕਿਰਿਆ ਅਧੀਨ ਗਣਨਾ ਫਾਰਮਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਸਭ ਤੋਂ ਪਹਿਲਾ ਸੌ ਪ੍ਰਤੀਸ਼ਤ ਡਿਜੀਟਾਈਜੇਸ਼ਨ ਕਰਨ ਵਾਲੇ ਤਿੰਨ ਬੀ.ਐੱਲ.ਓਜ਼. ਨੂੰ ਅਮਿਤ ਕੁਮਾਰ ਪੰਚਾਲ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 83 ਲੰਬੀ ਦੇ ਬੂਥ ਨੰਬਰ 174 ਅਤੇ 177 ’ਤੇ ਤਾਇਨਾਤ ਬੀ.ਐੱਲ.ਓ. ਸੁਭਾਸ਼ ਚੰਦਰ ਤੇ ਜਸਵਿੰਦਰ ਪਾਲ, ਵਿਧਾਨ ਸਭਾ ਹਲਕਾ 86 ਮੁਕਤਸਰ ਦੇ ਬੂਥ ਨੰਬਰ 70 ’ਤੇ ਤਾਇਨਾਤ ਬੀ.ਐੱਲ.ਓ. ਗੁਰਲਾਲ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੇ ਚਲਾਈ ਜਾ ਰਹੀ ਐੱਸ.ਆਈ.ਆਰ. ਪ੍ਰਕਿਰਿਆ ਅਧੀਨ ਸਭ ਤੋਂ ਪਹਿਲਾਂ ਗਣਨਾ ਫਾਰਮਾਂ ਦਾ ਡਿਜੀਟਾਈਜੇਸ਼ਨ ਕਰਨ ਦਾ ਕੰਮ ਮੁਕੰਮਲ ਕੀਤਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ।