ਬਾਘਾ ਪੁਰਾਣਾ, 6 ਜੁਲਾਈ (ਟਿੰਕੂ ਕਾਠਪਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਹਰੀ ਸਿੰਘ ਖਾਈ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਂਗਰਸ ਪਾਰਟੀ ਦੇ ਸ਼ਹਿਰੀ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਬਾਘਾ ਪੁਰਾਣਾ ਸ਼ਹਿਰ ਕਾਂਗਰਸ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ। ਸ਼ਹਿਰ ਕਾਂਗਰਸ ਦੇ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਵਲੋਂ ਵੱਖ-ਵੱਖ ਅਹੁਦਿਆਂ ‘ਤੇ ਸਰਗਰਮ ਅਤੇ ਮਿਹਨਤੀ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਦਿਆਂ ਪਾਰਟੀ ਦੀ ਸੰਗਠਨਾਤਮਿਕ ਮਜ਼ਬੂਤੀ ਵੱਲ ਇਕ ਅਹਿਮ ਕਦਮ ਚੁੱਕਿਆ ਗਿਆ। ਨਵੀਆਂ ਨਿਯੁਕਤੀਆਂ ਤਹਿਤ ਗੁਰਮੁਖ ਸਿੰਘ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਜੰਗੀਰ ਸਿੰਘ, ਅੰਕੁਸ਼ ਗੋਇਲ, ਨਰਿੰਦਰ ਕੁਮਾਰ ਬੌਬੀ, ਗੁਰਮੀਤ ਕੌਰ ਬਰਾੜ, ਲਲਿਤ ਗੋਇਲ, ਮਨਜੀਤ ਕੌਰ, ਜੀਵਨ ਲਤਾ, ਮੱਖਣ ਸਿੰਘ ਬਰਾੜ, ਨਿਰਮਲ ਸਿੰਘ ਨੰਬਰਦਾਰ, ਕਮਲ ਕੁਮਾਰ ਅਤੇ ਬਲਦੇਵ ਸਿੰਘ ਬਰਾੜ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਮਨ ਕੁਮਾਰ ਅੰਮੂ, ਕਨ੍ਹਈਆ ਕੁਮਾਰ, ਕਰਨੈਲ ਸਿੰਘ, ਸ਼ਿੰਦਰ ਸਿੰਘ, ਕਮਲ ਕੁਮਾਰ ਗਰਗ, ਬਿੱਟੂ ਅਰੋੜਾ, ਹੁਸਨਾ, ਸਵੀਟਾ ਲੂਥਰਾ, ਸੁਖਦੇਵ ਸਿੰਘ, ਜਗਤਾਰ ਸਿੰਘ ਫ਼ੌਜੀ, ਰਮੇਸ਼ ਕੁਮਾਰ ਭੁੱਟੋ ਅਤੇ ਕੁਲਵਿੰਦਰ ਸਿੰਘ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰਮੇਸ਼ ਸਪਰਾ, ਸਵਰਨਜੀਤ ਕੌਰ, ਕੈਪਟਨ ਅਰਜੁਨ ਸਿੰਘ, ਰੂਬਲ ਸ਼ਰਮਾ, ਹਰਜਿੰਦਰ ਸਿੰਘ, ਸੁਖਦੇਵ ਸਿੰਘ ਅਤੇ ਝਿਰਮਲ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੇਜਪਾਲ ਕੌਰ ਨੂੰ ਸਪੋਕਸ ਪਰਸਨ, ਹਰਪ੍ਰੀਤ ਸਿੰਘ ਨੂੰ ਮੀਡੀਆ ਇੰਚਾਰਜ, ਅਕਾਸ਼ ਅਰੋੜਾ, ਰਵਿੰਦਰ ਸ਼ਰਮਾ ਅਤੇ ਫਰਫੋਵਿਦਰ ਸਿੰਘ ਫੈਰੀ ਨੂੰ ਸੋਸ਼ਲ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮੌਕੇ ਸ਼ਹਿਰ ਕਾਂਗਰਸ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਸਮਰਪਿਤ ਵਰਕਰਾਂ ਨੂੰ ਬਣਦਾ ਸਨਮਾਨ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਲਈ ਹਰ ਵਰਕਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਤੇ ਨਵੀਂ ਟੀਮ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਲਗਨ ਨਾਲ ਕੰਮ ਕਰੇਗੀ। ਧਾਲੀਵਾਲ ਨੇ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਅਤੇ ਵਰਕਰ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇਣ ਅਤੇ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦਾ ਹਰ ਵਰਗ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹੈ ਅਤੇ ਲੋਕ ਬਦਲਾਅ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜੇਕਰ ਪਾਰਟੀ ਦੇ ਵਰਕਰ ਇਸੇ ਤਰ੍ਹਾਂ ਇਕਜੁੱਟ ਹੋ ਕੇ ਮਿਹਨਤ ਕਰਦੇ ਰਹੇ ਤਾਂ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣੀ ਹੈ ਅਤੇ ਭਵਿੱਖ ਵਿਚ ਵੀ ਪੰਜਾਬ ਦੇ ਹਿਤਾਂ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਦੀ ਰਹੇਗੀ।