ਮਲੋਟ, 6 ਜੁਲਾਈ (ਪਾਟਿਲ)-ਪੰਜਾਬ ਬਲੱਡ ਗਰੁੱਪ (ਪੀ.ਬੀ.ਜੀ.) ਕਲੱਬ ਕੋਟਕਪੂਰਾ ਦੇ ਮਿਸ਼ਨ 1313 ਤਹਿਤ ਮਲੋਟ ਬਲੱਡ ਗਰੁੱਪ ਦੇ ਸਹਿਯੋਗ ਨਾਲ ਪੰਚਾਇਤੀ ਧਰਮਸ਼ਾਲਾ ਜੰਡੀ ਵਾਲਾ ਚੌਂਕ ਮਲੋਟ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 135 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਕੈਂਪ ਨੂੰ ਆੜ੍ਹਤੀਆ ਯੂਨੀਅਨ ਮਲੋਟ ਦੇ ਪ੍ਰਧਾਨ ਮੋਹਨ ਲਾਲ ਅਰੋੜਾ ਅਤੇ ਪੰਚਾਇਤੀ ਪ੍ਰਬੰਧਕ ਕਮੇਟੀ ਧਰਮਸ਼ਾਲਾ ਜੰਡੀ ਵਾਲਾ ਚੌਂਕ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਮਲੋਟ ਬਲੱਡ ਗਰੁੱਪ ਦੇ ਚੇਅਰਮੈਨ ਚਿੰਟੂ ਬਠਲਾ ਨੇ ਦੱਸਿਆ ਕਿ ਕੈਂਪ ਦੌਰਾਨ ਇਕੱਤਰ ਕੀਤੇ ਗਏ ਖ਼ੂਨ ਵਿਚੋਂ ਸਭ ਤੋਂ ਪਹਿਲਾਂ 63 ਯੂਨਿਟ ਖ਼ੂਨ ਮਲੋਟ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਨੂੰ ਦਿੱਤਾ ਗਿਆ। ਇਸ ਤੋਂ ਬਾਅਦ 72 ਯੂਨਿਟ ਖ਼ੂਨ ਅਤੁਲਿਆ ਚੈਰੀਟੇਬਲ ਬਲੱਡ ਸੈਂਟਰ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤਾ ਗਿਆ। ਕੈਂਪ ਵਿਚ 102 ਵਾਰ ਖ਼ੂਨਦਾਨ ਕਰ ਚੁੱਕੇ ਰਿੰਕੂ ਸਨੇਜਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਇੰਟਰਨਸ਼ਿਪ ਲਈ ਆਏ ਵਿਦਿਆਰਥੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਤਗ਼ਮੇ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵੂਮੈਨ ਮਲੋਟ ਬਲੱਡ ਗਰੁੱਪ ਵਲੋਂ ਭੂਪਿੰਦਰ (ਪ੍ਰੋਫ਼ੈਸਰ), ਮੀਨੂ ਬਠਲਾ (ਅਧਿਆਪਕਾ), ਸੁਨੇਹਾ, ਅੰਕੁਸ਼ ਰਾਣੀ ਤੇ ਕਸ਼ਿਸ਼ ਨੇ ਵੀ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਸਮਾਜ ਸੇਵੀ ਅਨਿਲ ਜੁਨੇਜਾ ਜੋਨੀ, ਰਾਮ ਗੋਂਦਾਰਾ, ਰਿੰਕੂ ਅਨੇਜਾ, ਵਿਵੇਕ ਗਰਗ ਸਮੇਤ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ।