ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤ ਦੇ ਪ੍ਰਸਿੱਧ ਤੇ ਲੋਕਪ੍ਰਿਯ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵਿਤਾ ਮੁਕਾਬਲਾ ਕਰਵਾਇਆ ਗਿਆ। ਇਹ ਸਮਾਗਮ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਦੀ ਅਗਵਾਈ ਅਤੇ ਵਾਇਸ ਪ੍ਰਿੰਸੀਪਲ ਡਾ. ਹਰਦਵਿੰਦਰ ਸਿੰਘ ਬਰਾੜ ਦੇ ਸਹਿਯੋਗ ਹੇਠ ਹੋਇਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਪ੍ਰਤੀ ਰੁਚੀ ਪੈਦਾ ਕਰਨਾ, ਮਹਾਨ ਸਾਹਿਤਕਾਰਾਂ ਦੀ ਰਚਨਾਤਮਕ ਵਿਰਾਸਤ ਨਾਲ ਜਾਣੂ ਕਰਵਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨਾ ਸੀ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਜਗਮੀਤ ਸਿੰਘ ਨੇ ਸਮਾਗਮ ਵਿਚ ਸ਼ਾਮਿਲ ਪ੍ਰਿੰਸੀਪਲ, ਸਮੂਹ ਅਧਿਆਪਕਾਂ, ਵਿਦਿਆਰਥੀਆਂ ਤੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਦੀਪਇੰਦਰ ਸਿੰਘ ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ, ਸਾਹਿਤਕ ਸਫ਼ਰ ਤੇ ਰਚਨਾਤਮਕ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਇਸ ਉਪਰੰਤ ਕਵਿਤਾ ਮੁਕਾਬਲਾ ਹੋਇਆ, ਜਿਸ ਵਿਚ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਪੇਸ਼ ਕੀਤਾ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਾਵਿ-ਪੇਸ਼ਕਾਰੀ ਰਾਹੀਂ ਨਾ ਸਿਰਫ਼ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ, ਸਗੋਂ ਪੰਜਾਬੀ ਸਾਹਿਤ ਪ੍ਰਤੀ ਆਪਣੇ ਪਿਆਰ ਦਾ ਵੀ ਪ੍ਰਮਾਣ ਦਿੱਤਾ। ਪ੍ਰੋ. ਦੀਪਇੰਦਰ ਸਿੰਘ ਅਤੇ ਪ੍ਰੋ. ਸ਼ਿੰਦਰਪਾਲ ਕੌਰ ਵਲੋਂ ਜੱਜ ਦੀ ਭੂਮਿਕਾ ਨਿਭਾਈ ਗਈ। ਮੁਕਾਬਲੇ ਦੇ ਨਤੀਜਿਆਂ ਅਨੁਸਾਰ ਲਕਸ਼ਪ੍ਰੀਤ ਸਿੰਘ ਨੇ ਪਹਿਲਾ, ਅਲੀਜਾ ਨੇ ਦੂਜਾ ਅਤੇ ਰੁਬੀਨਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਪ੍ਰੋ. ਮੰਜੂ ਕਪੂਰ ਨੇ ਵਧਾਈ ਦਿੱਤੀ। ਜੇਤੂ ਵਿਦਿਆਰਥੀਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਪ੍ਰੋਫ਼ੈਸਰ ਜਸਕਰਨ ਸਿੰਘ ਨੇ ਕੀਤਾ। ਅੰਤ ਵਿਚ ਪ੍ਰੋਫ਼ੈਸਰ ਜਗਮੀਤ ਸਿੰਘ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਵੀਰਪਾਲ ਕੌਰ, ਪ੍ਰੋ. ਕੰਵਰਜੀਤ ਸਿੰਘ, ਰਵਿੰਦਰ ਸ਼ਰਮਾ ਤੇ ਸਮੂਹ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।