ਕਰਮਚਾਰੀਆਂ ਵਲੋਂ ਮੁਕੰਮਲ ਕਲਮਛੋੜ ਹੜਤਾਲ ਕਾਰਨ ਡੀ. ਸੀ. ਦਫ਼ਤਰ ’ਚ ਪਸਰਿਆ ਸੰਨਾਟਾ
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ.
ਸ੍ਰੀ ਮੁਕਤਸਰ ਸਾਹਿਬ, 6 ਅਕਤੂਬਰ (ਹਰਮਹਿੰਦਰ ਪਾਲ)-ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰੁੱਧ ਤਿੱਖਾ ਸੰਘਰਸ਼ ਉਲੀਕ ਦਿੱਤਾ ਹੈ, ਜਿਸ ਦੇ ਚੱਲਦਿਆਂ ਅੱਜ ਪੰਜਾਬ ਦੇ ਸਮੁੱਚੇ ਜ਼ਿਲਿ੍ਆਂ ਦੇ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਵਲੋਂ ਮੁਕੰਮਲ ਕਲਮਛੋੜ ਹੜਤਾਲ ਕਰਦਿਆਂ ਕੰਮ ਠੱਪ ਰੱਖਿਆ ਗਿਆ, ਜਿਸ ਕਾਰਨ ਡੀ.ਸੀ. ਦਫ਼ਤਰ ’ਚ ਪਸਰਿਆ ਸੰਨਾਟਾ ਰਿਹਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਲੋਂ ਆਪਣੇ ਹੀ ਸਟਾਫ਼ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ ਅਤੇ ਬੇਇੱਜ਼ਤ ਕੀਤਾ ਜਾਂਦਾ ਹੈ, ਜਿਸ ਕਾਰਨ ਪੜ੍ਹੇ-ਲਿਖੇ ਕਰਮਚਾਰੀਆਂ ਨੂੰ ਮਾਨਸਿਕ ਤਣਾਅ ਵਿਚੋਂ ਗੁਜ਼ਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਬਦਲੇ ਦੀ ਭਾਵਨਾ ਦੇ ਨਾਲ ਵਿਰੋਧ ਕਰਨ ਵਾਲੇ ਕਰਮਚਾਰੀਆਂ ਵਿਚੋਂ ਇਕ ਦੇ ਵਿਰੁੱਧ ਬਿਨਾਂ ਕਿਸੇ ਖ਼ਾਸ ਦੋਸ਼ ਦੇ ਚਾਰਜਸ਼ੀਟ ਜਾਰੀ ਕੀਤੀ ਗਈ। ਇਸ ਮੌਕੇ ਜੁਗਰਾਜ ਸਿੰਘ ਸੁਪਰਡੈਂਟ ਗਰੇਡ-1, ਰਾਕੇਸ਼ ਕੁਮਾਰ ਸੁਪਰਡੈਂਟ, ਗੁਰਮੀਤ ਪਾਲ ਰੀਡਰ, ਹਰੀਸ਼ ਕੁਮਾਰ ਰੀਡਰ, ਰੁਪਿੰਦਰ ਸਿੰਘ ਬਾਠ, ਜਗਪ੍ਰੀਤ ਸਿੰਘ, ਹਰਬੰਸ ਸਿੰਘ, ਰਣਜੀਤ ਸਿੰਘ, ਰਾਜੇਸ਼ ਕਪੂਰ, ਗਗਨਦੀਪ ਸਿੰਘ ਭਾਟੀਆ, ਬਲਰਾਜ, ਜਸਵੀਰ ਕੌਰ, ਕੁਲਵੰਤ ਕੌਰ, ਸੁਖਪਾਲ ਕੌਰ, ਰਜਨੀ ਬਾਲਾ, ਕੁਲਵਿੰਦਰ ਕੌਰ ਆਦਿ ਵੱਡੀ ਗਿਣਤੀ ਵਿਚ ਕਰਮਚਾਰੀ ਮੌਜੂਦ ਸਨ।