ਮਾਨਸਾ, 2 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਧਰਨੇ ਦੀ ਤਿਆਰੀ ਵਜੋਂ ਪਿੰਡ ਦਲੇਲ ਸਿੰਘ ਵਾਲਾ, ਕੋਟ ਲੱਲੂ, ਖਿੱਲਣ, ਨਰਿੰਦਰਪੁਰਾ, ਬਰਨਾਲਾ, ਖਾਰਾ, ਹੀਰੇਵਾਲਾ, ਨੰਗਲ ਕਲਾਂ, ਨੰਗਲ ਖ਼ੁਰਦ, ਦੂਲੋਵਾਲ, ਘਰਾਂਗਣਾ, ਗੇਹਲੇ ਅਤੇ ਰਮਦਿੱਤੇਵਾਲਾ ਵਿਖੇ ਲਾਮਬੰਦੀ ਮੋਟਰਸਾਈਕਲ ਕੱਢਿਆ ਗਿਆ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਬਿਜਲੀ ਸੋਧ ਤੇ ਨਵੇਂ ਬੀਜ ਬਿੱਲ 2025 ਅਤੇ ਬੇਲੋੜਾ ਕਿਰਤੀ ਕਾਨੂੰਨ ਲਿਆਉਣਾ ਚਾਹੁੰਦੀ ਹੈ, ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ, ਮਜ਼ਦੂਰ ਲੋਕ ਪੱਖੀ ਨੀਤੀਆਂ ਲਿਆਉਣ ਦੀ ਬਜਾਏ ਅਜਿਹੇ ਕਾਨੂੰਨ ਲਿਆ ਰਹੀ ਹੈ, ਜੋ ਕਿਰਤੀ ਵਿਰੋਧੀ ਹਨ | ਉਨ੍ਹਾਂ ਕਿਹਾ ਕਿ ਭਖਦੀਆਂ ਕਿਸਾਨੀ ਮੰਗਾਂ ਲਈ ਜਥੇਬੰਦੀ ਵਲੋਂ ਹਰ ਸੰਘਰਸ਼ ਮੋਹਰੀ ਹੋ ਕੇ ਲੜਿਆ ਜਾਵੇਗਾ | ਇਸ ਮੌਕੇ ਜਗਸੀਰ ਸਿੰਘ ਜਵਾਹਰਕੇ, ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਜਗਰਾਜ ਸਿੰਘ ਮਾਨਸਾ, ਲਾਭ ਸਿੰਘ ਖੋਖਰ ਆਦਿ ਹਾਜ਼ਰ ਸਨ |