ਮਾਨਸਾ, 2 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਸਭਿਆਚਾਰ ਚੇਤਨਾ ਮੰਚ ਮਾਨਸਾ ਵਲੋਂ ਐਤਕੀਂ 21ਵਾਂ ਲੋਹੜੀ ਮੇਲਾ 10 ਜਨਵਰੀ ਨੂੰ ਸਥਾਨਕ ਖ਼ਾਲਸਾ ਹਾਈ ਸਕੂਲ ਵਿਖੇ ਮਨਾਇਆ ਜਾਵੇਗਾ | ਇਸ ਸਮਾਗਮ ਦੌਰਾਨ ਜ਼ਿਲੇ੍ਹ ਦੀਆਂ 21 ਹੋਣਹਾਰ ਧੀਆਂ ਦਾ ਸਨਮਾਨ ਕੀਤਾ ਜਾਵੇਗਾ | ਇਹ ਜਾਣਕਾਰੀ ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਜਨਰਲ ਸਕੱਤਰ ਹਰਦੀਪ ਸਿੰਘ ਸਿੱਧੂ ਤੇ ਕੋਆਰਡੀਨੇਟਰ ਸਰਬਜੀਤ ਕੌਸ਼ਲ ਨੇ ਦਿੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ | 'ਅਜੀਤ' ਉਪ ਦਫ਼ਤਰ ਮਾਨਸਾ ਵਿਖੇ ਵਿਸ਼ੇਸ਼ ਤੌਰ 'ਤੇ ਪਹੁੰਚੇ ਮੰਚ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, 'ਯੁੱਧ ਨਸ਼ਿਆਂ ਵਿਰੁੱਧ ਮੁਹਿੰਮ' ਮਾਲਵਾ ਪੱਛਮੀ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਸਪਿੰਦਰਵੀਰ ਸਿੰਘ ਚਹਿਲ ਲੋਹੜੀ ਪ੍ਰਚੰਡ ਕਰਨਗੇ | ਮਾਨਸ਼ਾਹੀਆ ਅਨੁਸਾਰ ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀ ਨੰਗਲ, ਬਿੱਟੂ ਖੰਨੇ ਵਾਲਾ, ਸੇਵਕ ਸੰਦਲ, ਵਿੱਕੀ ਸੰਧੂ ਕੈਨੇਡਾ, ਮਨਪ੍ਰੀਤ ਮਾਹੀ, ਗਾਇਕਾ ਸੀਰਤ ਸਿੱਧੂ ਸਭਿਅਕ ਗਾਇਕੀ ਦਾ ਰੰਗ ਬਿਖੇਰਨਗੇ | ਕਾਮੇਡੀਅਨ ਅਵਤਾਰ ਚੜਿੱਕ ਤੇ ਰਮਨ ਗਿੱਲ ਦੀ ਜੋੜੀ ਹਾਜ਼ਰੀਨ ਦੇ ਹਾਸਿਆਂ ਦੇ ਫੁਹਾਰੇ ਛੁਡਾਏਗੀ | ਅੰਤਰਰਾਸ਼ਟਰੀ ਐਂਕਰ ਜਗਦੀਪ ਜੋਗਾ ਮੰਚ ਸੰਚਾਲਨ ਕਰਨਗੇ | ਇਸ ਤੋਂ ਇਲਾਵਾ ਲੋਕ ਨਾਚ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਵੀ ਹੋਵੇਗੀ |