ਮਾਨਸਾ, 2 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਮਗਨਰੇਗਾ ਸਕੀਮ ਦਾ ਨਾਂਅ ਬਦਲਣ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਵਲੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਰੋਸ ਧਰਨਾ ਲਗਾਇਆ ਗਿਆ | ਕੜਾਕੇ ਦੀ ਠੰਢ 'ਚ ਪਹੁੰਚੇ ਪਾਰਟੀ ਕਾਰਕੁਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ | ਧਰਨਾਕਾਰੀ ਏਨੇ ਰੋਹ 'ਚ ਸਨ ਕਿ ਉਨ੍ਹਾਂ ਧਰਨੇ ਤੋਂ ਉੱਠ ਕੇ ਕੰਪਲੈਕਸ ਦੇ ਮੁੱਖ ਗੇਟ ਅੱਗੇ ਕਚਹਿਰੀ ਰੋਡ 'ਤੇ ਸੜਕ ਜਾਮ ਵੀ ਲਗਾ ਦਿੱਤਾ | ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਮਨਸ਼ਾ ਨਾਂਅ ਬਦਲਣ ਤੱਕ ਸੀਮਤ ਨਹੀਂ ਬਲਕਿ ਉਹ ਮਜ਼ਦੂਰੀ ਪੱਖੀ ਇਸ ਐਕਟ ਨੂੰ ਖ਼ਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਮਜ਼ਦੂਰਾਂ ਦੇ ਹੱਕ ਖੋਹਣ ਲੱਗੀਆਂ ਹਨ, ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਨ੍ਹਾਂ ਦੱਸਿਆ ਕਿ ਪੰਜਾਬ ਪਹਿਲਾਂ ਹੀ ਆਰਥਿਕਤਾ ਦੀ ਚੱਕੀ 'ਚ ਪਿਸ ਰਿਹਾ ਹੈ ਅਤੇ ਨਵੇਂ ਕਾਨੂੰਨ ਮੁਤਾਬਿਕ ਰਾਜ ਸਰਕਾਰ ਇਸ ਸਕੀਮ 'ਚ 40 ਫ਼ੀਸਦੀ ਹਿੱਸਾ ਪਾਉਣ ਤੋਂ ਅਸਮਰਥ ਹੋਵੇਗੀ ਅਤੇ ਇਹ ਯੋਜਨਾ ਆਪੇ ਹੀ ਖ਼ਤਮ ਹੋ ਜਾਵੇਗੀ | ਕੁਲਦੀਪ ਸਿੰਘ ਨੇ ਕਿਹਾ ਕਿ ਨਵੀਂ ਯੋਜਨਾ 'ਚ ਰਾਜ ਸਰਕਾਰ ਤੇ ਪੰਚਾਇਤਾਂ ਕੋਲੋਂ ਪ੍ਰੋਜੈਕਟ ਲਈ ਫ਼ੰਡ ਜਾਰੀ ਕਰਨ ਦੇ ਅਧਿਕਾਰ ਖੁੱਸ ਜਾਣਗੇ ਅਤੇ ਸਾਰਾ ਕਾਰਜ ਕੇਂਦਰ ਸਰਕਾਰ ਦੀ ਕਮਾਨ ਹੇਠ ਆ ਜਾਵੇਗਾ | ਉਨ੍ਹਾਂ ਆਖਿਆ ਕਿ ਪਹਿਲਾਂ ਵਾਲੇ ਉਪਬੰਧਾਂ ਮੁਤਾਬਿਕ 33 ਫ਼ੀਸਦੀ ਔਰਤਾਂ ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਸੀ ਪਰ ਨਵੇਂ ਐਕਟ 'ਚ ਉਹ ਵੀ ਖ਼ਤਮ ਹੋ ਜਾਵੇਗਾ | ਪਾਰਟੀ ਵਲੋਂ ਮੰਗ ਕੀਤੀ ਗਈ ਕਿ ਪੇਂਡੂ ਰੁਜ਼ਗਾਰ ਯੋਜਨਾ ਤਹਿਤ ਮਜ਼ਦੂਰਾਂ ਨੂੰ ਸਾਲ 'ਚ ਘੱਟੋ ਘੱਟ 300 ਦਿਨ ਕੰਮ ਦਿੱਤਾ ਜਾਵੇ, ਪੰਜਾਬ 'ਚ ਦਿਹਾੜੀ 346 ਤੋਂ ਵਧਾ ਕੇ 700 ਰੁਪਏ ਕੀਤੀ ਜਾਵੇ, ਬੇਰੁਜ਼ਗਾਰ ਭੱਤਾ ਲਾਜ਼ਮੀ ਕਰਨ ਦੇ ਨਾਲ ਹੀ ਹਰ ਅਦਾਰੇ 'ਚ ਕਾਮਿਆਂ ਕੋਲੋਂ 1 ਦਿਨ 'ਚ 8 ਘੰਟੇ ਲੈਣ ਦੀ ਪੱਕੀ ਯੋਜਨਾ ਬਣਾਈ ਜਾਵੇ | ਧਰਨਾਕਾਰੀਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਵੀ ਭੇਜਿਆ ਗਿਆ | ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਬਾਬੂ ਸਿੰਘ ਫ਼ਤਿਹਪੁਰ, ਜ਼ਿਲ੍ਹਾ ਇੰਚਾਰਜ ਸਰਵਰ ਕੁਰੈਸ਼ੀ, ਜਨਰਲ ਸਕੱਤਰ ਕਸ਼ਮੀਰ ਸਿੰਘ, ਪਾਲ ਸਿੰਘ ਰੱਲੀ, ਇਕਬਾਲ ਸਿੰਘ, ਕੁਲਵਿੰਦਰ ਸਿੰਘ ਆਹਲੂਪੁਰ, ਰਘਵੀਰ ਸਿੰਘ ਰਾਮਗੜ੍ਹੀਆ, ਅਵਤਾਰ ਸਿੰਘ ਕਟਾਰੀਆ, ਚਮਕੌਰ ਸਿੰਘ, ਬੰਤਾ ਸਿੰਘ, ਗੁਰਜੰਟ ਸਿੰਘ ਆਦਿ ਨੇ ਸੰਬੋਧਨ ਕੀਤਾ |