ਮਾਨਸਾ, 23 ਜਨਵਰੀ (ਰਾਵਿੰਦਰ ਸਿੰਘ ਰਵੀ)- ਅੱਜ ਤੜਕਸਾਰ ਜ਼ਿਲੇ੍ਹ ਦੇ ਕਈ ਹਿੱਸਿਆਂ 'ਚ ਪਈ ਭਰਵੀਂ ਬਾਰਸ਼ ਨੇ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਦਿਵਾ ਦਿੱਤੀ ਹੈ | ਮੀਂਹ ਨੇ ਜਿੱਥੇ ਸ਼ਹਿਰਾਂ ਤੇ ਕਸਬਿਆਂ ਨੂੰ ਜਲ ਥਲ ਕਰ ਦਿੱਤਾ ਉੱਥੇ ਸੀਵਰੇਜ ਪ੍ਰਣਾਲੀ ਦੀ ਪੋਲ ਖੁੱਲ੍ਹ ਗਈ | ਇਹ ਵੱਖਰੀ ਗੱਲ ਹੈ ਕਿ ਮਾਨਸਾ ਸਮੇਤ ਕਈ ਸ਼ਹਿਰਾਂ 'ਚ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੇ ਨੱਕ 'ਚ ਦਮ ਲਿਆਂਦਾ ਹੋਇਆ ਹੈ ਅਤੇ ਹੁਣ ਮੀਂਹ ਦਾ ਪਾਣੀ ਸੀਵਰੇਜ ਦੇ ਪਾਣੀ 'ਚ ਮਿਕਸ ਹੋਣ ਕਰ ਕੇ ਅਗਲੇ ਦਿਨਾਂ 'ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣੇਗਾ | ਨੀਵੀਂਆਂ ਥਾਵਾਂ 'ਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ | ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਕਾਰਨ ਨੱਕ, ਗਲੇ ਤੇ ਹੋਰ ਬਿਮਾਰੀਆਂ ਨਾਲ ਲੋਕ ਪੀੜਤ ਸਨ ਪਰ ਬਾਰਸ਼ ਪੈਣ ਨਾਲ ਉਕਤ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ |