ਬੁਢਲਾਡਾ, 8 ਅਪ੍ਰੈਲ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 3 ਵਿਖੇ ਜਲ ਘਰ ਦੇ ਪੀਣ ਵਾਲੇ ਪਾਣੀ ਲਈ ਪਾਈ ਗਈ ਨਵੀਂ ਪਾਈਪ ਕਰ ਕੇ ਪੁੱਟੀ ਗਈ ਸੜਕ ਦੇ ਮਲਬੇ ਅਤੇ ਬੰਦ ਪਈਆਂ ਨਾਲੀਆਂ ਕਰ ਕੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਹੈ | ਮੁਹੱਲਾ ਵਾਸੀਆਂ ਵਲੋਂ ਵਾਰ-ਵਾਰ ਨਗਰ ਕੌਂਸਲ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਵਾਰਡ ਵਾਸੀ ਸੁਰਿੰਦਰ ਸਿੰਘ, ਹਰਭਜਨ ਸਿੰਘ, ਪਰਮਜੀਤ ਸਿੰਘ ਅਤੇ ਕੁਲਦੀਪ ਸਿੰਘ ਬੱਤਰਾ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਪਾਉਣ ਲਈ ਸ਼ਹਿਰ ਦੇ ਕੁਝ ਵਾਰਡਾਂ 'ਚ ਪੁੱਟੀਆਂ ਗਈਆਂ ਸੜਕਾਂ 'ਚੋਂ ਵਾਰਡ ਨੰਬਰ 1 ਦੀ ਬਾਹਰਲੀ ਫਿਰਨੀ ਦੇ ਘਰਾਂ ਦੇ ਨਵੇਂ ਜਲ ਸਪਲਾਈ ਕੁਨੈਕਸ਼ਨ ਕਰ ਕੇ ਸੜਕ ਤੇ ਟਾਈਲਾਂ ਵੀ ਲਗਾ ਦਿੱਤੀਆਂ ਪ੍ਰੰਤੂ ਵਾਰਡ ਨੰਬਰ 3 ਦੀ ਗਿਆਨੀ ਗੋਪਾਲ ਸਿੰਘ ਮਾਰਗ ਵਾਲੀ ਗਲੀ ਅੰਦਰ ਠੇਕੇਦਾਰ ਵਲੋਂ ਇਸ ਗਲੀ ਅੰਦਰ ਕਿਸੇ ਇੱਕ ਵੀ ਘਰ ਦਾ ਜਲ ਸਪਲਾਈ ਕੁਨੈਕਸ਼ਨ ਕਰਨ ਤੋਂ ਬਿਨਾਂ ਹੀ ਅੱਧੀ ਗਲੀ ਦੇ ਅੰਦਰ ਟਾਈਲਾਂ ਲਗਾ ਦਿੱਤੀਆਂ ਹਨ | ਤਕਰੀਬਨ ਅੱਧੀ ਗਲੀ ਦੀਆਂ ਇੰਟਰਲਾਕ ਟਾਈਲਾਂ ਤੱਕ ਵੀ ਹੀ ਨਹੀਂ ਲਗਾਈਆਂ ਗਈਆਂ | ਲੋਕਾਂ ਨੇ ਦੱਸਿਆ ਕਿ ਜਲ ਸਪਲਾਈ ਪਾਈਪਾਂ ਪਾਉਣ ਲਈ ਨਿਰਧਾਰਿਤ ਇਸ ਕੰਮ ਤਹਿਤ ਠੇਕੇਦਾਰ ਵੱਲੋਂ ਲੋਕਾਂ ਨੂੰ ਨਵੇਂ ਕੁਨੈਕਸ਼ਨ ਵੀ ਕਰ ਕੇ ਦੇਣੇ ਸਨ, ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ | ਗਲੀ ਦੀਆਂ ਨਾਲੀਆਂ ਅੰਦਰ ਭਰੀ ਹੋਈ ਗੋਡੇ ਗੋਡੇ ਗਾਰ ਅਤੇ ਬੰਦ ਪਈਆਂ ਪੁਲੀਆਂ ਕਰ ਕੇ ਗੰਦਾ ਪਾਣੀ ਘਰਾਂ ਅੱਗੇ ਖੜ੍ਹਾ ਰਹਿੰਦਾ ਹੈ | ਲੋਕਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਪਾਸੋਂ ਇਸ ਜਨਤਕ ਸਮੱਸਿਆ ਦੇ ਜਲਦ ਹੱਲ ਕਰਵਾਉਣ ਦੀ ਮੰਗ ਕੀਤੀ ਹੈ |