30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਖ਼ਾਲਸਾ ਸਕੂਲ ਕਮੇਟੀ ਵਲੋਂ ਠੇਕੇ 'ਤੇ ਦਿੱਤੀ ਜ਼ਮੀਨ 'ਤੇ ਪਾਰਕ ਉਸਾਰੀ ਦਾ ਮਾਮਲਾ ਭਖਿਆ ਮਾਨਸਾ ਪਿੰਡ ਵਾਸੀ ਡੇਰਾ ਮੁਖੀ ਤੇ ਸ਼ਹਿਰੀ ਕਲੋਨਾਈਜ਼ਰ ਦੇ ਹੱਕ 'ਚ ਖੜ੍ਹੇ-ਮਾਨਸਾ ਅਦਾਲਤ 'ਚ ਪੇਸ਼ੀ ਅੱਜ

Ad Position 21
No active advertisement
ਅਜੀਤ ਡੈਸਕ 09-04-2026
-ਬਲਵਿੰਦਰ ਸਿੰਘ ਧਾਲੀਵਾਲ, ਰਾਵਿੰਦਰ ਸਿੰਘ ਰਵੀ-
ਮਾਨਸਾ, 8 ਅਪ੍ਰੈਲ- ਸਥਾਨਕ ਖ਼ਾਲਸਾ ਸਕੂਲ ਕਮੇਟੀ ਤੋਂ ਕਲੋਨਾਈਜਰ ਵਲੋਂ ਠੇਕੇ 'ਤੇ ਲਈ ਡੇਰਾ ਬਾਬਾ ਭਾਈ ਗੁਰਦਾਸ ਦੀ 18 ਏਕੜ ਜ਼ਮੀਨ ਦਾ ਮਾਮਲਾ ਭਖ ਗਿਆ ਹੈ | ਜਿੱਥੇ ਮਾਨਸਾ ਪਿੰਡ ਵਾਸੀ ਡੇਰਾ ਮੁਖੀ ਦੇ ਹੱਕ 'ਚ ਡਟੇ ਹੋਏ ਹਨ ਉੱਥੇ ਅੱਜ ਸ਼ਹਿਰੀਆਂ ਨੇ ਇਕੱਠ ਕਰ ਕੇ ਕਲੋਨਾਈਜਰ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਤਕਰੀਬਨ 66 ਸਾਲ ਪਹਿਲਾਂ ਡੇਰਾ ਬਾਬਾ ਭਾਈ ਗੁਰਦਾਸ ਨੇ ਖ਼ਾਲਸਾ ਸਕੂਲ ਨੂੰ ਇਹ ਜ਼ਮੀਨ 99 ਸਾਲਾਂ ਦੇ ਇਕਰਾਰਨਾਮੇ 'ਤੇ ਦਿੱਤੀ ਸੀ ਤਾਂ ਕਿ ਸਕੂਲ ਦਾ ਪ੍ਰਬੰਧ ਸਹੀ ਤਰੀਕੇ ਨਾਲ ਚੱਲ ਸਕੇ | ਸਕੂਲ ਕਮੇਟੀ ਵਲੋਂ ਇਹ ਜ਼ਮੀਨ ਖੇਤੀ ਲਈ ਠੇਕੇ 'ਤੇ ਦੇਣੀ ਸ਼ੁਰੂ ਕਰ ਦਿੱਤੀ | ਨੇੜੇ ਹੀ ਸਿਲਵਰ ਸਿਟੀ ਕਾਲੋਨੀ ਦੀ ਉਸਾਰੀ ਹੋ ਗਈ | ਕਾਲੋਨੀ ਮਾਲਕ ਸੁਰਿੰਦਰ ਪੱਪੀ ਦਾਨੇਵਾਲੀਆ ਅਨੁਸਾਰ ਫ਼ਸਲਾਂ ਦਾ ਨਾੜ ਸਾੜਨ ਕਰ ਕੇ ਕਾਲੋਨੀ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਰ ਕੇ ਉਨ੍ਹਾਂ ਸਕੂਲ ਕਮੇਟੀ ਤੋਂ 10 ਲੱਖ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਕਿਰਾਏ 'ਤੇ ਲਈ ਅਤੇ ਇਹ ਇਕਰਾਰਨਾਮਾ ਕੀਤਾ ਗਿਆ ਕਿ ਹਰ ਸਾਲ 1 ਲੱਖ ਰੁਪਏ ਕਿਰਾਇਆ ਵਧਾਇਆ ਜਾਵੇਗਾ | ਕਾਬਲੇ-ਗ਼ੌਰ ਰਹੇ ਡੇਰਾ ਮੁਖੀ ਦੀ ਹਮਾਇਤ ਡੇਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਮਾਨਸਾ ਪਿੰਡ ਵਾਸੀਆਂ ਨੇ ਕਰ ਦਿੱਤੀ | ਉਨ੍ਹਾਂ ਇਕੱਠ ਕਰ ਕੇ ਕਿਹਾ ਕਿ ਜ਼ਮੀਨ 'ਤੇ ਵਪਾਰਕ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ ਜਦਕਿ ਦੂਸਰੇ ਪਾਸੇ ਸ਼ਹਿਰ ਦੇ ਕੁਝ ਲੋਕ ਕਾਲੋਨੀ ਮਾਲਕ ਦੇ ਹੱਕ 'ਚ ਖੜ੍ਹੇ ਹੋ ਗਏ ਹਨ |
ਸ਼ਹਿਰੀਆਂ ਨੇ ਕਾਲੋਨਾਈਜਰ ਦੇ ਹੱਕ 'ਚ ਕੀਤਾ ਇਕੱਠ
-ਉੱਧਰ ਕਲੋਨਾਈਜਰ ਸੁਰਿੰਦਰ ਪੱਪੀ ਦਾਨੇਵਾਲੀਆ ਵਲੋਂ ਬੁਲਾਏ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ, ਭਾਜਪਾ ਆਗੂ ਸਤੀਸ਼ ਗੋਇਲ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਕਿਹਾ ਕਿ ਕਾਨੂੰਨੀ ਢੰਗ ਨਾਲ ਕਲੋਨਾਈਜਰ ਵਲੋਂ ਇਹ ਜ਼ਮੀਨ ਠੇਕੇ 'ਤੇ ਲਈ ਗਈ ਹੈ, ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਲੋਨਾਈਜਰ ਨੇ ਕਾਲੋਨੀ ਨਾਲ ਲੱਗਣ ਕਰ ਕੇ ਕਰੋੜਾਂ ਦੀ ਲਾਗਤ ਨਾਲ ਇਸ 'ਤੇ ਸੁੰਦਰ ਪਾਰਕ ਉਸਾਰਿਆ ਗਿਆ ਹੈ ਪਰ ਹੁਣ ਕੁਝ ਵਿਅਕਤੀ ਸੁੰਦਰ ਪਾਰਕ ਨੂੰ ਹਟਾਉਣ ਅਤੇ ਇਹ ਜ਼ਮੀਨ ਖੇਤੀ ਲਈ ਹੀ ਦਿੱਤੇ ਜਾਣ ਦੀ ਗੱਲ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਕਲੋਨਾਈਜਰ ਨੇ ਕੁਝ ਗਲਤ ਨਹੀਂ ਕੀਤਾ ਅਤੇ ਭਵਿੱਖ 'ਚ ਇਹ ਜ਼ਮੀਨ ਦੱਬੇ ਜਾਣ ਅਤੇ ਇਸ 'ਤੇ ਕਾਲੋਨੀ ਉਸਾਰਨ ਦੀਆਂ ਗੱਲਾਂ ਬੇਤੁਕੀਆਂ ਹਨ | ਠੇਕਾ ਪੂਰਾ ਹੋਣ 'ਤੇ ਜ਼ਮੀਨ ਸਮੇਤ ਪਾਰਕ ਸਕੂਲ ਕਮੇਟੀ ਨੂੰ ਵਾਪਸ ਕਰ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਜ਼ਮੀਨ 'ਤੇ ਪਾਰਕ ਉਸਾਰਨਾ ਸ਼ਹਿਰ ਨੂੰ ਇਕ ਸੁੰਦਰ ਅਤੇ ਸੈਰਗਾਹ ਜਗ੍ਹਾ ਦੇਣਾ ਹੈ ਨਾ ਕਿ ਕੋਈ ਜ਼ਮੀਨ ਹੜੱਪਣਾ ਹੈ | ਇਸ ਮੌਕੇ ਕੁਲਬੀਰ ਸਿੰਘ ਬੀਰਾ, ਅਨਾਮਿਕਾ ਗਰਗ, ਬਿੱਟੂ ਸ਼ਰਮਾ ਆਦਿ ਨੇ ਵੀ ਵਿਚਾਰ ਰੱਖੇ |
ਜ਼ਮੀਨ ਖੇਤੀਬਾੜੀ ਲਈ ਸ਼ਰਤਾਂ 'ਤੇ ਦਿੱਤੀ ਸੀ-ਮਹੰਤ ਕੇਸ਼ਵ ਮੁਨੀ
-ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਮਹੰਤ ਕੇਸ਼ਵ ਮੁਨੀ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਉਪਰੋਕਤ ਜ਼ਮੀਨ 66 ਸਾਲ ਪਹਿਲਾਂ ਉਸ ਵੇਲੇ ਦੇ ਡੇਰਾ ਮੁਖੀ ਬਾਬਾ ਲਾਲ ਦਾਸ ਵਲੋਂ ਖ਼ਾਲਸਾ ਹਾਈ ਸਕੂਲ ਕਮੇਟੀ ਨੂੰ ਦਿੱਤੀ ਗਈ ਸੀ ਅਤੇ ਪਟੇ ਨਾਮੇ 'ਚ ਇਹ ਲਿਖਿਆ ਸੀ ਕਿ ਜ਼ਮੀਨ ਸਿਰਫ਼ ਖੇਤੀਬਾੜੀ ਲਈ ਹੀ ਵਰਤੀ ਜਾ ਸਕਦੀ ਹੈ ਨਾ ਕਿ ਵਪਾਰਕ ਮਕਸਦ ਲਈ | ਉਨ੍ਹਾਂ ਕਿਹਾ ਕਿ ਕਮੇਟੀ ਵਲੋਂ ਗੈਰ ਨਿਯਮਾਂ ਤਹਿਤ ਇਕ ਵਪਾਰੀ ਨੂੰ ਜ਼ਮੀਨ ਦੇ ਦਿੱਤੀ ਹੈ, ਜਿੱਥੇ ਪਾਰਕ ਆਦਿ ਦੀ ਗ਼ਲਤ ਉਸਾਰੀ ਕੀਤੀ ਗਈ ਹੈ | ਮਹੰਤ ਕੇਸ਼ਵ ਮੁਨੀ ਨੇ ਦੱਸਿਆ ਕਿ ਉਨ੍ਹਾਂ ਕੋਲ ਅਦਾਲਤੀ ਸਟੇਅ ਹੈ, ਜਿਸ ਦੀ ਪੇਸ਼ੀ 9 ਅਪ੍ਰੈਲ ਨੂੰ ਮਾਨਸਾ ਦੀ ਅਦਾਲਤ 'ਚ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦੇ ਕੁਝ ਆਗੂ ਹੀ ਕਾਲੋਨਾਈਜਰ ਦੀ ਹਮਾਇਤ 'ਚ ਆਏ ਹਨ ਨਾ ਕਿ ਸ਼ਹਿਰ ਵਾਸੀ |
ਜਨਰਲ ਹਾਊਸ ਨੇ ਜ਼ਮੀਨ ਸਰਬਸੰਮਤੀ ਨਾਲ ਠੇਕੇ 'ਤੇ ਦਿੱਤੀ-ਪ੍ਰਧਾਨ
-ਖ਼ਾਲਸਾ ਸਕੂਲ ਕਮੇਟੀ ਦੇ ਪ੍ਰਧਾਨ ਪ੍ਰੋ. ਮੱਘਰ ਸਿੰਘ ਸਿੱਧੂ ਅਨੁਸਾਰ ਜ਼ਮੀਨ ਪਹਿਲਾਂ ਹੀ ਡੇਰਾ ਬਾਬਾ ਭਾਈ ਗੁਰਦਾਸ ਤੋਂ ਪਟੇ 'ਤੇ ਲਈ ਸੀ | ਇੱਥੇ ਪਾਣੀ ਨਾ ਪਹੁੰਚਣ ਕਰ ਕੇ ਕੋਈ ਵੀ ਵਿਅਕਤੀ ਠੇਕੇ 'ਤੇ ਨਹੀਂ ਲੈਂਦਾ ਸੀ, ਜਿਸ ਕਰ ਕੇ ਇਹ ਜ਼ਮੀਨ ਕਲੋਨਾਈਜਰ ਨੂੰ 11 ਲੱਖ ਰੁਪਏ ਸਾਲ 'ਤੇ ਦੇ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਪਟੇ 'ਤੇ ਕਿਤੇ ਨਹੀਂ ਲਿਖਿਆ ਗਿਆ ਕਿ ਜ਼ਮੀਨ ਸਿਰਫ਼ ਖੇਤੀ ਲਈ ਹੀ ਠੇਕੇ 'ਤੇ ਦਿੱਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜਨਰਲ ਹਾਊਸ ਵਲੋਂ ਸਰਬਸੰਮਤੀ ਨਾਲ ਇਹ ਜ਼ਮੀਨ ਲੀਜ਼ 'ਤੇ ਦਿੱਤੀ ਗਈ ਹੈ ਅਤੇ 33 ਸਾਲਾਂ ਬਾਅਦ ਕਾਲੋਨਾਈਜਰ ਵਲੋਂ ਜ਼ਮੀਨ ਇਸੇ ਤਰ੍ਹਾਂ ਹੀ ਵਾਪਸ ਕਰਨੀ ਪਵੇਗੀ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਕੌੜੀਵਾੜਾ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ <br/> ਅਗਲੀ ਖ਼ਬਰ ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਹੇ ਹਨ ਬੁਢਲਾਡਾ ਦੇ ਵਾਰਡ ਨੰਬਰ 3 ਦੇ ਵਾਸੀ
Ad Position 24