ਬੁਢਲਾਡਾ, 2 ਮਈ (ਸਵਰਨ ਸਿੰਘ ਰਾਹੀ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸ਼ਹਿਰ ਵਾਸੀਆਂ ਅਤੇ ਆਮ ਰਾਹਗੀਰਾਂ ਦੀ ਸਹੂਲਤ ਲਈ ਪੀਣ ਵਾਲੇ ਠੰਢੇ ਪਾਣੀ ਦੇ ਦੋ ਰਿਕਸ਼ਿਆਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਇਨ੍ਹਾਂ ਰਿਕਸ਼ਿਆਂ ਨੂੰ ਸੀਨੀਅਰ ਅਕਾਲੀ ਆਗੂ ਤੇ ਸ਼ੈਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ | ਸੰਸਥਾ ਦੇ ਮੁਖੀ ਮਾਸਟਰ ਕੁਲਵੰਤ ਸਿੰਘ ਅਤੇ ਸੀਨੀਅਰ ਆਗੂ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਵੱਡੇ ਪੱਧਰ 'ਤੇ ਪਾਣੀਆਂ ਦੀ ਸੇਵਾ ਕੀਤੀ ਜਾਂਦੀ ਹੈ, ਜਿੱਥੇ ਸ਼ਹਿਰ 'ਚ ਲਗਪਗ 12 ਟੈਂਕੀਆਂ ਰੱਖੀਆਂ ਗਈਆਂ ਹਨ ਉੱਥੇ ਬੱਸ ਸਟੈਂਡ ਅਤੇ ਤਹਿਸੀਲ ਕੰਪਲੈਕਸ 'ਚ ਪਾਣੀ ਦੇ ਪਿਆਓ ਸ਼ੁਰੂ ਕੀਤੇ ਜਾ ਰਹੇ ਹਨ | ਇਸੇ ਤਰ੍ਹਾਂ ਸਰਕਾਰੀ ਹਸਪਤਾਲ ਵਿਚ ਵੀ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਸ਼ਹਿਰ ਵਿਚ ਜ਼ਿਮੀਂਦਾਰ ਭਰਾਵਾਂ ਮਜ਼ਦੂਰਾਂ ਅਤੇ ਰਾਹਗੀਰਾਂ ਲਈ ਦੋ ਠੰਢੇ ਪਾਣੀ ਦੇ ਰਿਕਸ਼ੇ ਸਾਰਾ ਦਿਨ ਸ਼ਹਿਰ 'ਚ ਚਲਦੇ ਰਹਿੰਦੇ ਹਨ ਤਾਂ ਜੋ ਰਾਹਗੀਰ ਪਾਣੀ ਪੀ ਕੇ ਪਿਆਸ ਬੁਝਾ ਸਕਣ | ਕੁਲਵਿੰਦਰ ਸਿੰਘ ਈ. ਓ. ਅਤੇ ਸੁਖਦਰਸ਼ਨ ਸਿੰਘ ਕੁਲਾਣਾ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਰਿਕਸ਼ੇ ਦੀ ਸੇਵਾ ਡਾ. ਕਪਲਾਸ ਗਰਗ ਵਲੋਂ ਅਤੇ ਦੂਜੇ ਰਿਕਸ਼ੇ ਦੀ ਸੇਵਾ ਤਰਸੇਮ ਚੰਦ ਮੱਤੀ ਵਾਲਿਆਂ ਵਲੋਂ ਕੀਤੀ ਗਈ ਹੈ | ਇਸ ਮੌਕੇ ਮਾਸਟਰ ਰਜਿੰਦਰ ਸਿੰਘ, ਬਲਵੀਰ ਸਿੰਘ ਕੈਥ, ਵਿਜੇ ਗੋਇਲ, ਕਾਮਰੇਡ ਹਰਦਿਆਲ ਸਿੰਘ, ਦਵਿੰਦਰ ਪਾਲ ਸਿੰਘ ਲਾਲਾ, ਬਲਜਿੰਦਰ ਸ਼ਰਮਾ, ਸੋਹਣ ਸਿੰਘ, ਨਰੇਸ਼ ਕੁਮਾਰ ਬੰਸੀ, ਰਜਿੰਦਰ ਸਿੰਘ ਭੋਲਾ, ਹਰਭਜਨ ਸਿੰਘ ਸਵਰਨਕਾਰ, ਰਜਿੰਦਰ ਵਰਮਾ, ਸੁਰਜੀਤ ਸਿੰਘ ਟੀਟਾ, ਗੁਰਚਰਨ ਸਿੰਘ ਮਲਹੋਤਰਾ, ਮਿਸਤਰੀ ਮਿੱਠੂ ਸਿੰਘ, ਬਾਬਾ ਜੀਤ ਸਿੰਘ, ਨੱਥਾ ਸਿੰਘ, ਮਨਦੀਪ ਸਿੰਘ ਲੱਕੀ, ਮਹਿੰਦਰ ਪਾਲ ਆਦਿ ਹਾਜ਼ਰ ਸਨ |