ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)- ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨਗਰ ਕੌਂਸਲ ਮਾਨਸਾ ਦੀਆਂ ਚੋਣਾਂ 'ਚ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਪੱਬਾਂ ਭਾਰ ਹੋ ਗਏ ਹਨ | ਉਹ ਸਵੇਰੇ-ਸ਼ਾਮ ਹੀ ਨਹੀਂ ਬਲਕਿ ਸਿਖਰ ਦੁਪਹਿਰੇ ਭਰ ਗਰਮੀ 'ਚ ਵੀ ਵੱਖ-ਵੱਖ ਵਾਰਡਾਂ 'ਚ ਵਿਚਰ ਰਹੇ ਹਨ | ਉਨ੍ਹਾਂ ਦੱਸਿਆ ਕਿ 27 ਵਾਰਡਾਂ 'ਚੋਂ 26 ਵਾਰਡਾਂ 'ਚ ਅਕਾਲੀ ਦਲ ਵਲੋਂ ਉਮੀਦਵਾਰ ਉਤਾਰੇ ਗਏ ਹਨ, ਜਦਕਿ 1 ਵਾਰਡ 'ਚ ਉਸ ਉਮੀਦਵਾਰ ਨੂੰ ਹਮਾਇਤ ਕੀਤੀ ਜਾਵੇਗੀ, ਜੋ ਪਾਰਟੀ ਹਾਈਕਮਾਨ ਵਲੋਂ ਹੁਕਮ ਹੋਵੇਗਾ | ਵਾਰਡ ਨੰਬਰ 20 ਤੋਂ ਉਮੀਦਵਾਰ ਵਰਸ਼ਾ ਰਾਣੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਦਾ ਵਿਕਾਸ ਸ਼ੋ੍ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਵਧੇਰੇ ਹੋਇਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਹਲਕੇ ਤੇ ਸ਼ਹਿਰ ਦੀ ਤਰੱਕੀ ਲਈ ਹਮੇਸ਼ਾ ਤਤਪਰ ਹਨ | ਇਸ ਮੌਕੇ ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ, ਅਵਤਾਰ ਸਿੰਘ ਰਾੜਾ ਆਦਿ ਹਾਜ਼ਰ ਸਨ |