ਮਾਨਸਾ, 21 ਮਈ (ਬਲਵਿੰਦਰ ਸਿੰਘ ਧਾਲੀਵਾਲ)- ਨਗਰ ਕੌਂਸਲ ਮਾਨਸਾ ਦੇ ਵਾਰਡ ਨੰਬਰ 12 'ਚ ਤਿਕੋਣੇ ਮੁਕਾਬਲੇ ਦੇ ਆਸਾਰ ਬਣਦੇ ਜਾ ਰਹੇ ਹਨ | ਵਾਰਡ 'ਚ ਕੁੱਲ ਵੋਟਾਂ 2320 ਹਨ, ਜਿਨ੍ਹਾਂ 'ਚੋਂ 1201 ਮਰਦ, 1119 ਔਰਤਾਂ ਹਨ | ਚੋਣ ਪ੍ਰਚਾਰ ਸਿਖਰ ਵੱਲ ਵਧ ਰਿਹਾ ਹੈ | ਉਮੀਦਵਾਰ ਸਵੇਰੇ-ਸ਼ਾਮ ਵੋਟਰਾਂ ਦੇ ਦਰਾਂ 'ਤੇ ਵੋਟਾਂ ਦੀ ਭੀਖ ਮੰਗ ਰਹੇ ਹਨ ਜਦਕਿ ਉਨ੍ਹਾਂ ਦੇ ਹੱਕ 'ਚ ਰਾਜਨੀਤਕ ਪਾਰਟੀਆਂ ਦੇ ਹੱਕ 'ਚ ਨੁੱਕੜ ਮੀਟਿੰਗਾਂ ਵਿਚ ਰੁੱਝੇ ਹੋਏ ਹਨ | ਭਾਰਤੀ ਜਨਤਾ ਪਾਰਟੀ ਵਲੋਂ ਪ੍ਰੇਮ ਸਾਗਰ ਭੋਲਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ | ਉਹ ਪਹਿਲਾਂ ਵੀ ਕਈ ਦਫ਼ਾ ਕੌਂਸਲਰ ਰਹਿ ਚੁੱਕੇ ਹਨ | ਭਾਜਪਾ ਆਗੂ ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਭੋਲਾ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕੀਤਾ ਹੋਇਆ ਹੈ | ਸ਼ੋ੍ਰਮਣੀ ਅਕਾਲੀ ਦਲ ਵਲੋਂ ਨੌਜਵਾਨ ਮਨਿੰਦਰ ਬਾਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ | ਪਾਰਟੀ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਤੇ ਹੋਰ ਆਗੂ ਵਾਰਡ 'ਚ ਸਰਗਰਮੀਆਂ ਜੁਟਾ ਰਹੇ ਹਨ | ਸੇਵਾ ਮੁਕਤ ਬੈਂਕ ਅਧਿਕਾਰੀ ਗੁਰਤੇਜ ਸਿੰਘ ਜਗਰੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ | ਉਨ੍ਹਾਂ ਨੂੰ ਆਮ ਆਦਮੀ ਪਾਰਟੀ, ਕਾਂਗਰਸ ਤੋਂ ਇਲਾਵਾ ਹੋਰ ਧਿਰਾਂ ਦੀ ਵੀ ਹਮਾਇਤ ਪ੍ਰਾਪਤ ਹੈ | ਤਿੰਨੇ ਉਮੀਦਵਾਰ ਤੇ ਸਮਰਥਕ ਅੱਤ ਦੀ ਗਰਮੀ 'ਚ ਵਾਰਡ 'ਚ ਸਰਗਰਮੀ ਨਾਲ ਵਿਚਰ ਰਹੇ ਹਨ ਅਤੇ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ |