ਬੇਗੋਵਾਲ, 1 ਜਨਵਰੀ (ਸੁਖਜਿੰਦਰ ਸਿੰਘ)- ਅੱਜ ਸਥਾਨਕ ਕਸਬੇ ਦੇ ਸਟਾਰ ਪੈਲੇਸ ਬੇਗੋਵਾਲ ਵਿਖੇ ਅਦਾਰਾ ਰੂਹ ਪੰਜਾਬੀ ਦੀ, ਦੀ ਅਹਿਮ ਮੀਟਿੰਗ ਨਾਮਵਰ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀ ਅਗਵਾਈ 'ਚ ਹੋਈ ਜਿਸ ਵਿਚ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੀ ਸ਼ੁਰੂਆਤ ਕਰਦਿਆਂ ਮੈਗਜ਼ੀਨ ਰੂਹ ਪੰਜਾਬੀ ਦੇ ਸੰਪਾਦਕ ਪ੍ਰੋ. ਸਤਵਿੰਦਰ ਬੇਗੋਵਾਲੀਆ ਨੇ ਸਾਰੇ ਸਾਥੀਆਂ ਦੇ ਮਿਲਣ ਨੂੰ ਖ਼ੁਸ਼ੀ ਦਾ ਸਰੋਤ ਦੱਸਿਆ | ਉਪਰੰਤ ਇੰਜੀਨੀਅਰ ਸਤਪਾਲ ਸਿੰਘ ਨੇ 'ਪੰਜਾਬੀ ਨੌਜਵਾਨ: ਨਵੇਂ ਸਾਲ 'ਚ ਕੀ ਕਰਨ?' ਵਿਸ਼ੇ 'ਤੇ ਵਿਚਾਰ ਰੱਖੇ | ਰਾਗੀ ਗੁਰਧਿਆਨ ਸਿੰਘ ਤੇ ਕੁਲਦੀਪ ਸਿੰਘ ਸਰਪੰਚ ਅਕਬਰਪੁਰ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ | ਨਿਸ਼ਾਨ ਸਿੰਘ ਅਮਰੀਕਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਨੌਜਵਾਨ ਪੰਜਾਬ ਵਿਚ ਆਪਣੀ ਕਿਸਮਤ ਅਜ਼ਮਾਉਣ | ਉਪਰੰਤ ਸ਼ਾਇਰ ਲਖਵਿੰਦਰ ਸਿੰਘ ਘੁੰਮਣ ਨੇ ਆਪਣਾ ਗੀਤ ਗਾ ਕੇ ਹਾਜ਼ਰੀਨ ਦਾ ਮਨ ਮੋਹ ਲਿਆ | ਅੰਤ ਵਿਚ ਸੰਸਥਾ ਦੇ ਮੈਗਜ਼ੀਨ 'ਰੂਹ ਪੰਜਾਬੀ' ਦੇ ਜਨਵਰੀ-ਮਾਰਚ 2026 ਅੰਕ ਨੂੰ ਰਿਲੀਜ਼ ਕੀਤਾ ਗਿਆ |