ਕਪੂਰਥਲਾ, 23 ਜਨਵਰੀ (ਅਮਰਜੀਤ ਸਿੰਘ ਸਡਾਨਾ)- ਮਾੜੇ ਅਨਸਰਾਂ ਤੇ ਗੈਂਗਸਟਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਮੁਹੱਲਾ ਸੰਤਪੁਰਾ ਵਿਖੇ ਆਪ੍ਰੇਸ਼ਨ ਪ੍ਰਹਾਰ ਦੀ ਅਗਵਾਈ ਕੀਤੀ | ਇਸ ਮੌਕੇ 12 ਹਾਟ ਸਪਾਟ ਖੇਤਰਾਂ ਵਿਚ 46 ਪੈਟਰੋਿਲੰਗ ਟੀਮਾਂ ਤਾਇਨਾਤ ਕਰਕੇ ਉਕਤ ਇਲਾਕਿਆਂ ਦੀ ਜਾਂਚ ਕੀਤੀ ਗਈ | ਵੱਖ-ਵੱਖ ਘਰਾਂ ਵਿਚ ਕਿਰਾਏ 'ਤੇ ਰਹਿ ਰਹੇ ਕਿਰਾਏਦਾਰਾਂ ਦੀ ਵੀ ਪੁਲਿਸ ਟੀਮਾਂ ਨੇ ਵੈਰੀਫਿਕੇਸ਼ਨ ਕੀਤੀ | ਇਸ ਸਬੰਧੀ ਐੱਸ.ਐੱਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਅੱਜ ਦੀ ਇਸ ਮੁਹਿੰਮ ਦੌਰਾਨ 566 ਕਿਰਾਏਦਾਰਾਂ ਦੀ ਤਸਦੀਕ ਕੀਤੀ ਗਈ ਜਦਕਿ 426 ਦੇ ਕਰੀਬ ਦਸਤਾਵੇਜ਼ ਵੀ ਜਾਂਚੇ ਗਏ | ਐਸ.ਐਸ.ਪੀ. ਨੇ ਦੱਸਿਆ ਕਿ 5 ਅਣ-ਅਧਿਕਾਰਤ ਕਾਰਾਂ, 12 ਮੋਟਰਸਾਈਕਲ ਤੇ 19 ਮੋਬਾਈਲ ਫ਼ੋਨ ਜ਼ਬਤ ਕੀਤੇ ਗਏ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਰਾਏਦਾਰਾਂ ਨੂੰ ਰੱਖਣ ਮੌਕੇ ਉਸਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਉਣ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐਂਟੀ ਗੈਂਗਸਟਰ ਹੈਲਪ ਲਾਈਨ ਨੰਬਰ 93946-93946 ਸ਼ੁਰੂ ਕੀਤਾ ਗਿਆ ਹੈ ਜਿਸ 'ਤੇ ਲੋਕ ਅਪਰਾਧੀਆਂ ਤੇ ਗੈਂਗਸਟਰਾਂ ਦੀ ਸੂਚਨਾ ਦੇ ਸਕਦੇ ਹਨ ਤੇ ਉਨ੍ਹਾਂ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ | ਇਸ ਮੌਕੇ ਡੀ.ਐੱਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |