• ਗਲੀਆਂ, ਬਾਜ਼ਾਰਾਂ ਤੇ ਮੁਹੱਲਿਆਂ 'ਚ ਭਰਿਆ ਪਾਣੀ • ਲੋਕਾਂ ਵਲੋਂ ਪਾਣੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ
ਕਪੂਰਥਲਾ, 23 ਜਨਵਰੀ (ਅਮਰਜੀਤ ਕੋਮਲ)- ਬੀਤੀ ਰਾਤ ਤੋਂ ਅੱਜ ਦੁਪਹਿਰ ਤੱਕ ਕਪੂਰਥਲਾ ਤੇ ਇਸ ਦੇ ਆਸ ਪਾਸ ਦੇ ਖੇਤਰਾਂ ਵਿਚ ਹੋਈ ਜ਼ੋਰਦਾਰ ਬਾਰਸ਼ ਕਾਰਨ ਭਾਵੇਂ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਪਰ ਕਿਸਾਨਾਂ ਨੇ ਇਸ ਬਾਰਸ਼ ਨਾਲ ਰਾਹਤ ਮਹਿਸੂਸ ਕੀਤੀ ਹੈ ਤੇ ਉਹ ਇਸ ਬਾਰਸ਼ ਨੂੰ ਫ਼ਸਲਾਂ ਲਈ ਲਾਹੇਵੰਦ ਦੱਸ ਰਹੇ ਹਨ | ਬਾਰਸ਼ ਕਾਰਨ ਸ਼ਹਿਰ ਦੇ ਕਈ ਪੌਸ਼ ਇਲਾਕਿਆਂ ਵਿਚ ਸੜਕਾਂ 'ਤੇ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਖ਼ਬਰ ਦੀਆਂ ਇਹ ਸਤਰਾਂ ਰਾਤ 7 ਵਜੇ ਤੱਕ ਲਿਖੇ ਜਾਣ ਤੱਕ ਵੀ ਮਾਲ ਰੋਡ, ਐਮ.ਜੀ.ਐਨ. ਸਕੂਲ ਦੇ ਸਾਹਮਣੇ ਦੇਵੀ ਤਲਾਬ ਰੋਡ, ਸਿਟੀ ਹਾਲ, ਡਬਲ ਰੋਡ, ਕਾਂਜਲੀ ਰੋਡ ਤੇ ਸ਼ਹਿਰ ਦੇ ਹੋਰ ਖੇਤਰਾਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਰਸ਼ ਦਾ ਪਾਣੀ ਖੜਾ ਸੀ ਜਿਸ ਵਿਚੋਂ ਲੋਕ ਆਪਣੇ ਵਾਹਨ ਹੌਲੀ ਹੌਲੀ ਕਰਕੇ ਲੰਘ ਰਹੇ ਸਨ | ਇਹ ਸਮੱਸਿਆ ਅੱਜ ਦੀ ਨਹੀਂ ਪਿਛਲੇ ਕਈ ਵਰਿ੍ਹਆਂ ਤੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਲੋਕ ਬਾਰਸ਼ ਦਾ ਪਾਣੀ ਸੜਕਾਂ ਵਿਚ ਖੜਾ ਹੋਣ ਕਾਰਨ ਦੁਸ਼ਵਾਰੀਆਂ 'ਚੋਂ ਗੁਜ਼ਰ ਰਹੇ ਹਨ ਕਿਉਂਕਿ ਨਗਰ ਨਿਗਮ ਵਲੋਂ ਬਾਰਸ਼ ਦੇ ਪਾਣੀ ਦੇ ਨਿਕਾਸ ਲਈ ਯੋਗ ਪ੍ਰਬੰਧ ਨਹੀਂ ਕੀਤਾ ਗਿਆ ਤੇ ਜਿੱਥੇ ਵੀ ਕਿਤੇ ਬਾਰਸ਼ ਦੇ ਪਾਣੀ ਦੇ ਨਿਕਾਸ ਲਈ ਹੌਦੀਆਂ ਬਣਾਈਆਂ ਗਈਆਂ ਹਨ ਉਨ੍ਹਾਂ ਦੇ ਕਦੇ ਸਫਾਈ ਨਹੀਂ ਕਰਵਾਈ ਗਈ | ਜਦੋਂ ਵੀ ਕਦੇ ਬਾਰਸ਼ ਪੈਂਦੀ ਹੈ ਤਾਂ ਲੰਮਾ ਸਮਾਂ ਸ਼ਹਿਰ ਦੇ ਨੀਵੇਂ ਇਲਾਕਿਆਂ ਤੇ ਸੜਕਾਂ 'ਤੇ ਪਾਣੀ ਖੜਾ ਦੇਖਿਆ ਜਾ ਸਕਦਾ ਹੈ | ਭਾਵੇਂ ਇਨ੍ਹਾਂ ਸੜਕਾਂ ਤੋਂ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਗੁਜ਼ਰਦੀਆਂ ਹਨ ਪਰ ਸੜਕਾਂ 'ਤੇ ਖੜੇ ਪਾਣੀ ਦੇ ਯੋਗ ਨਿਕਾਸ ਦੇ ਮਾਮਲੇ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ | ਨਗਰ ਨਿਗਮ ਕਰੋੜਾਂ ਰੁਪਏ ਸ਼ਹਿਰ ਵਾਸੀਆਂ ਕੋਲੋਂ ਟੈਕਸਾਂ ਦੇ ਰੂਪ ਵਸੂਲ ਕਰਦੀ ਹੈ ਪਰ ਇਸ ਦੇ ਬਦਲੇ ਲੋਕਾਂ ਨੂੰ ਜੀਵਨ ਬੁਨਿਆਦੀ ਸਹੂਲਤਾਂ ਤੋਂ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ |
ਭੁਲੱਥ, (ਮਨਜੀਤ ਸਿੰਘ ਰਤਨ)- ਬੀਤੀ ਰਾਤ ਤੋਂ ਲਗਾਤਾਰ ਮੀਂਹ ਪੈਣ ਨਾਲ ਕਸਬਾ ਭੁਲੱਥ ਜਲ ਥਲ ਹੋ ਗਿਆ ਤੇ ਗਲੀਆਂ, ਬਾਜ਼ਾਰਾਂ ਤੇ ਮੁਹੱਲਿਆਂ 'ਚ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਨੂੰ ਲੰਘਣ ਵਿਚ ਕਾਫ਼ੀ ਦਿੱਕਤਾਂ ਆਈਆਂ | ਇਸ ਨਾਲ ਕਈ ਦੁਕਾਨਾਂ ਤੇ ਘਰਾਂ ਵਿਚ ਵੀ ਪਾਣੀ ਵੜ ਗਿਆ | ਕਸਬੇ ਦੇ ਮੁਹੱਲਿਆਂ ਵਿਚ ਪਾਣੀ ਭਰ ਗਿਆ ਤੇ ਲੋਕਾਂ ਦੇ ਘਰਾਂ 'ਚ ਵੀ ਵੜ ਗਿਆ | ਮੀਂਹ ਪੈਣ ਤੋਂ ਕਾਫ਼ੀ ਸਮਾਂ ਬਾਅਦ ਵੀ ਬਾਜ਼ਾਰ ਤੇ ਗਲੀਆਂ ਪਾਣੀ ਨਾਲ ਭਰੀਆਂ ਦਿਖਾਈ ਦਿੱਤੀਆਂ | ਇਸ ਮੌਕੇ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਪਾਣੀ ਖੜ੍ਹਾ ਹੋਣ ਨਾਲ ਲੋਕਾਂ ਨੂੰ ਘਰਾਂ ਤੇ ਦੁਕਾਨਾਂ ਵਿਚੋਂ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਘਰਾਂ ਦੇ ਅੱਗੇ ਲਗਾਤਾਰ ਬਾਰਸ਼ ਹੋਣ ਕਰਕੇ ਪਾਣੀ ਖੜ੍ਹਾ ਹੋ ਗਿਆ ਹੈ | ਬਾਜ਼ਾਰ ਅਤੇ ਗਲੀਆਂ ਵਿਚ ਪਾਣੀ ਭਰ ਜਾਣ ਨਾਲ ਸਕੂਲ ਦੇ ਬੱਚਿਆਂ ਨੂੰ ਵੀ ਸਕੂਲ ਜਾਣ ਵਿਚ ਮੁਸ਼ਕਲਾਂ ਆਈਆਂ ਤੇ ਬੱਚੇ ਬਦਲਵੇਂ ਰਸਤੇ ਰਾਹੀਂ ਸਕੂਲ ਜਾਂਦੇ ਹੋਏ ਦਿਖਾਈ ਦਿੱਤੇ | ਇਸੇ ਤਰ੍ਹਾਂ ਮੇਨ ਬਾਜ਼ਾਰ ਵਿਚ ਵੀ ਪਾਣੀ ਭਰ ਗਿਆ ਅਤੇ ਬਾਜ਼ਾਰ ਵਿਚਲੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੁਣ ਕਾਫ਼ੀ ਸਮੇਂ ਬਾਅਦ ਪਾਣੀ ਦਾ ਨਿਕਾਸ ਹੋਵੇਗਾ |
ਉਨ੍ਹਾਂ ਦੱਸਿਆ ਕਿ ਮੀਂਹ ਪੈਣ ਤੋਂ ਬਾਅਦ ਉਨ੍ਹਾਂ ਦੀ ਦੁਕਾਨਦਾਰੀ ਠੱਪ ਹੋ ਕੇ ਰਹਿ ਜਾਂਦੀ ਹੈ ਕਿਉਂਕਿ ਮੀਂਹ ਪੈਣ ਤੋਂ ਕਾਫ਼ੀ ਸਮਾ ਬਾਅਦ ਬਾਜ਼ਾਰ ਵਿਚੋਂ ਪਾਣੀ ਨਾਂ ਨਿਕਲਣ ਕਾਰਨ ਗ੍ਰਾਹਕ ਵੀ ਬਾਜ਼ਾਰ ਵਿਚੋਂ ਨਹੀਂ ਲੰਘਦਾ ਅਤੇ ਦੁਕਾਨਾਂ ਅੱਗੇ ਚਿੱਕੜ ਜਮਾ ਹੋ ਜਾਂਦਾ ਹੈ ਜਿਸ ਨੂੰ ਅਕਸਰ ਹੀ ਦੁਕਾਨਦਾਰ ਸਾਫ਼ ਕਰਦੇ ਦਿਖਾਈ ਦਿੰਦੇ ਹਨ | ਉਨ੍ਹਾਂ ਨੇ ਮੰਗ ਕਰਦਿਆਂ ਕਿਹਾ ਕਿ ਮਹੱਲਿਆਂ ਤੇ ਮੇਨ ਬਾਜ਼ਾਰ ਵਿਚੋਂ ਪਾਣੀ ਦੇ ਜਲਦੀ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਦੁਕਾਨਦਾਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ |
ਕਸਬਾ ਨਡਾਲਾ 'ਚ ਸੜਕਾਂ ਦੀ ਹਾਲਤ ਖ਼ਰਾਬ, ਵਾਹਨ ਮਿੱਟੀ ਵਿਚ ਧਸੇ
ਨਡਾਲਾ, (ਰਘਬਿੰਦਰ ਸਿੰਘ)- ਕਸਬਾ ਨਡਾਲਾ ਵਿਚ ਹਾਲ ਹੀ ਵਿਚ ਵਿਛਾਈ ਗਈ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਲੋਕਾਂ ਲਈ ਸਹੂਲਤ ਬਣਨ ਦੀ ਬਜਾਏ ਮੁਸ਼ਕਲਾਂ ਦਾ ਕਾਰਨ ਬਣਦੀ ਨਜ਼ਰ ਆ ਰਹੀ ਹੈ | ਅੱਜ ਹੋਈ ਬਰਸਾਤ ਤੋਂ ਬਾਅਦ ਪਾਈਪ ਲਾਈਨ ਲਈ ਖੋਦੀ ਗਈ ਮਿੱਟੀ ਕਈ ਥਾਵਾਂ 'ਤੇ ਢਿੱਲੀ ਹੋ ਕੇ ਬੈਠ ਗਈ ਜਿਸ ਕਾਰਨ ਸੜਕਾਂ 'ਤੇ ਚਿੱਕੜ ਤੇ ਖੱਡੇ ਬਣ ਗਏ | ਇਸ ਸਥਿਤੀ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋਈ | ਕਈ ਦੋ-ਪਹੀਆ ਤੇ ਚਾਰ-ਪਹੀਆ ਵਾਹਨ ਮਿੱਟੀ ਵਿਚ ਧਸ ਗਏ ਜਿਨ੍ਹਾਂ ਨੂੰ ਕੱਢਣ ਲਈ ਲੋਕਾਂ ਨੂੰ ਖਾਸੀ ਮਿਹਨਤ ਕਰਨੀ ਪਈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੱਥੇ-ਜਿੱਥੇ ਪਾਈਪ ਲਾਈਨ ਵਿਛਾਈ ਗਈ ਹੈ ਉੱਥੇ ਤੁਰੰਤ ਮਜ਼ਬੂਤ ਭਰਾਈ ਕਰਕੇ ਸੜਕਾਂ ਨੂੰ ਪਹਿਲਾਂ ਵਾਂਗ ਬਣਾਇਆ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ | ਲੋਕਾਂ ਦਾ ਕਹਿਣਾ ਹੈ ਕਿ ਸਕੂਲੀ ਬੱਚਿਆਂ, ਬਜ਼ੁਰਗਾਂ ਤੇ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਲਈ ਅਜਿਹੇ ਹਾਲਾਤ ਖ਼ਤਰਨਾਕ ਸਾਬਤ ਹੋ ਸਕਦੇ ਹਨ |
ਪਵਿੱਤਰ ਨਗਰੀ 'ਚ ਚਿੱਕੜ ਨੇ ਲੋਕ ਕੀਤੇ ਪ੍ਰੇਸ਼ਾਨ
ਸੁਲਤਾਨਪੁਰ ਲੋਧੀ, (ਥਿੰਦ)- ਬੀਤੀ ਰਾਤ ਤੋਂ ਸ਼ੁਰੂ ਹੋਏ ਮੀਂਹ ਤੇ ਤੇਜ਼ ਠੰਢੀਆਂ ਹਵਾਵਾਂ ਨੇ ਮੁੜ ਕੰਬਣੀ ਛੇੜ ਦਿੱਤੀ ਹੈ | ਇਹ ਮੀਂਹ ਜਿੱਥੇ ਕਣਕ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੈ, ਉੱਥੇ ਹੀ ਗੋਭੀ, ਗਾਜਰ ਤੇ ਆਲੂ ਦੀ ਫ਼ਸਲ ਲਈ ਕੁੱਝ ਹੱਦ ਤੱਕ ਨੁਕਸਾਨਦੇਹ ਵੀ ਮੰਨਿਆ ਜਾ ਰਿਹਾ ਹੈ | ਇਸ ਮੀਂਹ ਨਾਲ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਵੀ ਰਾਹਤ ਮਿਲੀ ਹੈ | 40 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਨਾਲ ਪਵਿੱਤਰ ਨਗਰੀ ਸੁਲਤਾਨਪੁਰ ਤੇ ਇਸ ਦੇ ਆਸ-ਪਾਸ ਪਿੰਡਾਂ ਵਿਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਸੁਲਤਾਨਪੁਰ ਲੋਧੀ ਤੇ ਇਸ ਦੇ ਆਸ ਇਲਾਕਿਆਂ ਵਿਚ ਅੱਜ ਘੱਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਮੀਂਹ ਨਾਲ ਪਵਿੱਤਰ ਨਗਰੀ ਦੀਆਂ ਸੜਕਾਂ 'ਤੇ ਬੁਰੀ ਤਰ੍ਹਾਂ ਚਿੱਕੜ ਹੋ ਗਿਆ ਜਿਸ ਨਾਲ ਲੋਕਾਂ ਨੂੰ ਆਉਣ ਜਾਣ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਖੇਤੀਬਾੜੀ ਦਫ਼ਤਰ ਸੁਲਤਾਨਪੁਰ ਲੋਧੀ ਦੇ ਨੇੜੇ ਸੁਵਿਧਾ ਕੇਂਦਰ ਕੋਲ ਭਾਰੀ ਚਿੱਕੜ ਹੋਣ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਸੀ | ਬੀਤੇ ਦਿਨ ਇੱਥੇ ਵਾਟਰ ਸਪਲਾਈ ਦੇ ਪਾਈਪ ਪਾਏ ਜਾਣ ਕਾਰਨ ਮਿੱਟੀ ਸੜਕ 'ਤੇ ਪਈ ਹੋਣ ਕਰਕੇ ਮੀਂਹ ਤੋਂ ਬਾਅਦ ਭਾਰੀ ਚਿੱਕੜ ਹੋ ਗਿਆ | ਸ਼ਹਿਰ ਅੰਦਰ ਕਈ ਥਾਵਾਂ 'ਤੇ ਵਾਹਨ ਸੜਕਾਂ 'ਤੇ ਪੁੱਟੀਆਂ ਗਈਆਂ ਖਾਲੀਆਂ 'ਚ ਧੱਸ ਗਏ ਜਿਸ ਕਰਕੇ ਚਾਲਕਾਂ ਨੂੰ ਜੱਦੋਜਹਿਦ ਕਰਨੀ ਪਈ | ਕਿਸਾਨ ਆਗੂ ਪਰਮਜੀਤ ਸਿੰਘ ਖ਼ਾਲਸਾ, ਵਾਤਾਵਰਣ ਪ੍ਰੇਮੀ ਕੁਲਵੀਰ ਸਿੰਘ, ਐਮ.ਕੇ. ਸ਼ਰਮਾ ਨੇ ਕਿਹਾ ਕਿ ਪਵਿੱਤਰ ਨਗਰੀ ਵਿਚ ਸੀਵਰੇਜ ਤੇ ਵਾਟਰ ਸਪਲਾਈ ਦਾ ਕੰਮ ਬਹੁਤ ਮੱਠੀ ਰਫ਼ਤਾਰ ਵਿਚ ਚੱਲਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਹੈ | ਉੱਧਰ ਪਿੰਡ ਮੇਵਾ ਸਿੰਘ ਵਾਲਾ ਦੇ ਸਬਜ਼ੀ ਉਤਪਾਦਕ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਨਾਲ ਗੋਭੀ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ | ਮੀਂਹ ਤੋਂ ਬਾਅਦ ਇਹ ਫ਼ਸਲ ਇਕ ਦਮ ਤਿਆਰ ਹੋ ਜਾਵੇਗੀ, ਜਿਸ ਕਾਰਨ ਮੰਡੀ ਵਿਚ ਇਸ ਦਾ ਰੇਟ ਮੂਧੇ ਮੂੰਹ ਡਿੱਗੇਗਾ | ਕਿਸਾਨ ਯਾਦਵਿੰਦਰ ਸਿੰਘ ਨੇ ਕਿਹਾ ਕਿ ਗਾਜਰ ਦੀ ਫ਼ਸਲ ਦਾ ਹੀ ਐਤਕੀਂ ਰੇਟ ਘੱਟ ਮਿਲਿਆ ਹੈ ਪਰ ਹੁਣ ਮੀਂਹ ਨਾਲ ਹੋਰ ਰੇਟ ਡਿਗ ਪਵੇਗਾ | ਕੁੱਝ ਥਾਵਾਂ 'ਤੇ ਆਲੂ ਦੇ ਖੇਤ ਵੀ ਮੀਂਹ ਦੇ ਪਾਣੀ ਨਾਲ ਭਰੇ ਪਏ ਸਨ | ਕਿਸਾਨਾਂ ਵਲੋਂ ਪਾਣੀ ਕੱਢਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਸੀ | ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ |
ਲਗਾਤਾਰ ਪਏ ਮੀਂਹ ਕਾਰਨ ਚਾਰ-ਚੁਫ਼ੇਰਾ ਹੋਇਆ ਜਲ-ਥਲ
ਅਜੀਤ ਡੈਸਕ
24-01-2026