ਨਡਾਲਾ, 27 ਜਨਵਰੀ (ਰਘਬਿੰਦਰ ਸਿੰਘ)-ਚਾਈਨਾ ਡੋਰ ਕਾਰਨ ਵੱਧ ਰਹੀਆਂ ਹਾਦਸਿਆਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੁਲਿਸ ਵਲੋਂ ਕਸਬਾ ਨਡਾਲਾ ਅਤੇ ਪਿੰਡ ਬੂਟਾਂ 'ਚ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਇਸ ਦੌਰਾਨ ਪੁਲਿਸ ਟੀਮਾਂ ਨੇ ਵੱਖ-ਵੱਖ ਇਲਾਕਿਆਂ, ਦੁਕਾਨਾਂ ਅਤੇ ਸ਼ੱਕੀ ਥਾਵਾਂ ਦੀ ਜਾਂਚ ਕੀਤੀ | ਥਾਣਾ ਮੁਖੀ ਸੁਭਾਨਪੁਰ ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਇਸ ਕਾਰਵਾਈ ਦੌਰਾਨ ਲੋਕਾਂ ਨੂੰ ਚਾਈਨਾ ਡੋਰ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ | ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਚਾਈਨਾ ਡੋਰ ਨਾਲ ਹਰ ਸਾਲ ਕਈ ਲੋਕ ਅਤੇ ਪੰਛੀ ਜ਼ਖਮੀ ਹੁੰਦੇ ਹਨ ਤੇ ਹਾਲ ਹੀ ਵਿਚ ਪੰਜਾਬ ਵਿਚ ਦੋ ਮੌਤਾਂ ਵੀ ਹੋਈਆਂ ਹਨ ਜਿਸਦੇ ਚੱਲਦਿਆਂ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖ਼ਤ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਜਾਂ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਵੀ ਚਾਈਨਾ ਡੋਰ ਦੀ ਵਿੱਕਰੀ ਜਾਂ ਸਟਾਕ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ | ਸਥਾਨਕ ਨਿਵਾਸੀਆਂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਮੁਹਿੰਮਾਂ ਨਾਲ ਲੋਕਾਂ ਵਿਚ ਡਰ ਵੀ ਪੈਦਾ ਹੁੰਦਾ ਹੈ ਅਤੇ ਜਾਨਾਂ ਬਚਾਉਣ ਵਿਚ ਮਦਦ ਮਿਲਦੀ ਹੈ |