ਸੁਲਤਾਨਪੁਰ ਲੋਧੀ, 21 ਫਰਵਰੀ (ਨਰੇਸ਼ ਹੈਪੀ)- ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ਇਲਾਕੇ ਦੇ ਕਿਸਾਨਾਂ ਦੀ ਸਹਾਇਤਾ ਲਈ ਆਪਣੀ ਰਾਜ ਸਭਾ ਦੀ ਤਨਖ਼ਾਹ ਵਿਚੋਂ 100 ਬੋਰੇ ਖਾਦ ਦੇ ਮੁਹੱਈਆ ਕਰਵਾਏ ਗਏ ਹਨ | ਇਲਾਕੇ ਵਿੱਚ ਪਿਛਲੇ ਸੱਤ ਮਹੀਨਿਆਂ ਤੋਂ ਛੋਟੇ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਕਾਰਸੇਵਾ ਲਗਾਤਾਰ ਜਾਰੀ ਹੈ | ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੀ ਜ਼ਿੰਦਗੀ ਮੁੜ ਪਟੜੀ 'ਤੇ ਆ ਰਹੀ ਹੈ | ਅੱਜ ਮੰਡ ਇਲਾਕੇ 'ਚ ਲਗਭਗ 50 ਏਕੜ ਨਵੇਂ ਪੱਧਰੇ ਕੀਤੇ ਖੇਤਾਂ 'ਚ ਮੱਕੀ ਦੀ ਬਿਜਾਈ ਦੀ ਸ਼ੁਰੂਆਤ ਵੀ ਕਰਵਾਈ ਗਈ | ਇਸ ਤੋਂ ਪਹਿਲਾਂ ਪਿੰਡ ਬਾਊਪੁਰ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਦੌਰਾਨ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ 'ਚ ਹਾਜ਼ਰ ਸਨ | ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ 'ਚ ਕਾਰਸੇਵਾ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਵੰਬਰ ਮਹੀਨੇ ਤੱਕ ਕਰੀਬ 200 ਤੋਂ 250 ਖੇਤ ਪੱਧਰੇ ਕਰ ਕੇ ਕਣਕ ਦੀ ਬਿਜਾਈਾ ਕੀਤੀ ਗਈ ਸੀ | ਜਿਹੜੇ ਕਿਸਾਨਾਂ ਦੇ ਖੇਤ ਉਸ ਸਮੇਂ ਪੱਧਰੇ ਹੋਣ ਤੋਂ ਰਹਿ ਗਏ ਸਨ, ਉਨ੍ਹਾਂ ਦੇ ਖੇਤ ਤਿਆਰ ਕਰਕੇ ਹੁਣ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ | ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਨੇ ਇਲਾਕੇ ਦੇ ਵਾਸੀਆਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਵਗਦੇ ਪਾਣੀਆਂ 'ਚ ਵੀ ਤੇ ਹੁਣ ਪਾਣੀ ਉਤਰ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਇਲਾਕੇ ਦੇ ਨਾਲ ਡਟੇ ਰਹੇ ਹਨ | ਇਸੇ ਤਰ੍ਹਾਂ ਕਿਸਾਨ ਸਤਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਸੰਤ ਸੀਚੇਵਾਲ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ |