ਕਪੂਰਥਲਾ, 22 ਫਰਵਰੀ (ਸਡਾਨਾ)- ਸ਼ਹਿਰ ਵਿਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਚਾਰ ਵਾਰਡਾਂ ਨੂੰ ਮੁੱਖ ਸੀਵਰੇਜ ਨਾਲ ਜੋੜਨ ਦੇ ਕੰਮ ਦਾ ਉਦਘਾਟਨ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਔਜਲਾ ਰੋਡ 'ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਸਨੀਕ ਬੰਦ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਲੰਮੇ ਸੰਘਰਸ਼ ਤੇ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਰੇਲਵੇ ਵੱਲੋਂ ਰੇਲ ਲਾਈਨ ਹੇਠੋਂ ਸੀਵਰੇਜ ਪਾਈਪ ਲੰਘਾਉਣ ਦੀ ਮਨਜ਼ੂਰੀ ਮਿਲੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ 1 ਕਰੋੜ 18 ਲੱਖ ਰੁਪਏ ਖ਼ਰਚ ਕੀਤਾ ਗਿਆ ਤੇ ਕਰੀਬ 4-5 ਸਾਲ ਦਾ ਲੰਮਾ ਇੰਤਜ਼ਾਰ ਇਸ ਕੰਮ ਦੀ ਪ੍ਰਵਾਨਗੀ ਲੈਣ ਲਈ ਕਰਨਾ ਪਿਆ | ਅੱਜ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਹ ਕੰਮ ਸਿਰੇ ਚੜ੍ਹ ਗਿਆ ਹੈ ਤੇ ਦੋ ਦਿਨ ਤੇ ਇਕ ਰਾਤ ਲਗਾ ਕੇ ਉਨ੍ਹਾਂ ਦੇ ਕੌਂਸਲਰਾਂ ਵੱਲੋਂ ਮਿਹਨਤ ਕਰਦੇ ਹੋਏ ਇਸ ਕੰਮ ਦੀ ਨਿਗਰਾਨੀ ਕੀਤੀ ਗਈ ਤੇ ਰੇਲਵੇ ਲਾਈਨ ਦੇ ਹੇਠੋਂ ਸੀਵਰੇਜ ਦੀ ਪਾਈਪ ਮਨਜ਼ੂਰੀ ਮਿਲਣ ਉਪਰੰਤ ਲੰਘਾ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਹਰ ਮੁੱਢਲੀ ਸਹੂਲਤ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਟੀਚਾ ਹੈ ਤੇ ਉਹ ਇਸ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਤੇ ਸੀਵਰੇਜ ਪਾਈਪ ਲੰਘਾਉਣ ਤੋਂ ਬਾਅਦ ਇਸ ਨੂੰ ਜੋੜਨ ਉਪਰੰਤ ਕਰੀਬ 10 ਦਿਨਾਂ ਦੇ ਅੰਦਰ ਇਹ ਸੀਵਰੇਜ ਦੀ ਸਮੱਸਿਆ ਹੱਲ ਹੋ ਜਾਵੇਗੀ ਤੇ ਇਸ ਵਿਚੋਂ ਪਾਣੀ ਦੀ ਨਿਕਾਸੀ ਸ਼ੁਰੂ ਹੋ ਜਾਵੇਗੀ ਜਿਸ ਨਾਲ ਵੱਡੀ ਸਮੱਸਿਆ ਵਿਚੋਂ ਲੰਘ ਰਹੇ ਲੋਕਾਂ ਨੂੰ ਰਾਹਤ ਮਿਲੇਗੀ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ, ਨਗਰ ਨਿਗਮ ਦੇ ਮੇਅਰ ਕੁਲਵੰਤ ਕੌਰ, ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਕੌਂਸਲਰ ਹਰਜੀਤ ਸਿੰਘ ਬੱਬਾ ਵਾਲੀਆ, ਜਸਵੰਤ ਲਾਡੀ, ਤਰਸੇਮ ਲਾਲ, ਕੁਲਦੀਪ ਸਿੰਘ, ਸੰਦੀਪ ਸਿੰਘ ਕੌਂਸਲਰ, ਨਰਿੰਦਰ ਮਨਸੂ ਕੌਂਸਲਰ, ਗਰੀਸ਼ ਭਸੀਨ ਕੌਂਸਲ, ਬਲਜੀਤ ਕਾਲਾ ਕੌਂਸਲਰ, ਰਾਜਵੀਰ ਸਿੰਘ ਵਾਲੀਆ, ਅਨਿਲ ਸ਼ੁਕਲਾ ਤੇ ਹੋਰ ਹਾਜ਼ਰ ਸਨ |