ਨਡਾਲਾ, 22 ਫਰਵਰੀ (ਰਘਬਿੰਦਰ ਸਿੰਘ)- ਇੱਥੇ ਨਡਾਲਾ ਦੇ ਵਾਰਡ ਨੰਬਰ 11 ਦੀ ਹਿੰਮਤ ਸਿੰਘ ਕਲੋਨੀ ਵਿਖੇ ਕਿਸਾਨ ਦੀ ਹਵੇਲੀ 'ਚੋਂ ਮੋਟਰ ਨੂੰ ਚੋਰੀ ਕਰਦੇ ਚੋਰ ਨੂੰ ਕਾਬੂ ਕੀਤਾ ਗਿਆ ਹੈ | ਕਿਸਾਨ ਬਾਬਾ ਬਲਵਿੰਦਰ ਸਿੰਘ ਵਾਸੀ ਨਡਾਲਾ ਨੇ ਦੱਸਿਆ ਕਿ ਸਵੇਰੇ ਸਾਢੇ ਕੁ ਚਾਰ ਵਜੇ ਸਨ ਕਿ ਮੈਂ ਹਵੇਲੀ ਵਿੱਚ ਹੀ ਸੁੱਤਾ ਸੀ ਕਿ ਇਸ ਦੌਰਾਨ ਚੋਰੀਆਂ ਕਰਨ ਦਾ ਆਦੀ ਗੁਆਂਢ ਵਿੱਚ ਹੀ ਰਹਿੰਦਾ ਵਿਅਕਤੀ ਬਿੱਟੂ ਕੰਧ ਟੱਪ ਕੇ ਹਵੇਲੀ ਅੰਦਰ ਦਾਖਲ ਹੋਇਆ ਤੇ ਪੱਠੇ ਕੁਤਰਨ ਵਾਲੀ ਮਸ਼ੀਨ ਦੇ ਉੱਤੋਂ ਲੱਗੀ ਮੋਟਰ ਦੇ ਨਟ ਖੋਲ੍ਹਣ ਲੱਗਾ | ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਨੂੰ ਉਹ ਨੇੜੇ ਹੀ ਪਿਆ ਮੰਜੀ 'ਤੇ ਲੇਟ ਕੇ ਦੇਖ ਰਿਹਾ ਸੀ ਜਦ ਉਹ ਆਪਣਾ ਕੰਮ ਮੁਕੰਮਲ ਕਰਨ ਹੀ ਲੱਗਾ ਤਾਂ ਮੈਂ ਉੱਠ ਗਿਆ ਤੇ ਉਸ ਨੂੰ ਕਾਬੂ ਕਰ ਲਿਆ | ਪੀੜਤ ਕਿਸਾਨ ਨੇ ਦੱਸਿਆ ਕਿ ਮੇਰੀ ਪਹਿਲਾਂ ਵੀ ਮੋਟਰ ਚੋਰੀ ਹੋਈ ਸੀ ਜੋ ਇਸ ਵਿਅਕਤੀ ਦਾ ਹੀ ਕੰਮ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਉਸ ਨੂੰ ਫੜ ਕੇ ਨਾਲ ਲੈ ਗਈ |