ਫਗਵਾੜਾ, 22 ਫਰਵਰੀ (ਹਰਜੋਤ ਸਿੰਘ ਚਾਨਾ)- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.), ਫਗਵਾੜਾ ਵਿੱਚ ਵੱਡਾ ਉਤਸ਼ਾਹਪੂਰਣ ਸਮਰਥਨ ਮਿਲਿਆ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਣ ਦੇ ਉਦੇਸ਼ ਨਾਲ 5 ਕਿੱਲੋਮੀਟਰ ਦੀ ਦੂਜੀ ਪ੍ਰਮੋਸ਼ਨਲ ਮੈਰਾਥਨ ਕਰਵਾਈ ਗਈ | ਮੈਰਾਥਨ ਨੂੰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੋੜੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨ ਦੌੜਾਕਾਂ ਨੇ ਜੋਸ਼ ਤੇ ਜਜ਼ਬੇ ਨਾਲ ਭਾਗ ਲੈ ਕੇ ਨਸ਼ਾ ਮੁਕਤ ਪੰਜਾਬ ਦਾ ਸੰਦੇਸ਼ ਦਿੱਤਾ | ਸਾਰਾ ਮਾਹੌਲ ਦੇਸ਼-ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਰੰਗ 'ਚ ਰੰਗਿਆ ਹੋਇਆ ਦਿਖਾਈ ਦਿੱਤਾ | ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਸਪੀਕਰ ਸ੍ਰੀ ਰੋੜੀ ਨੇ ਕਿਹਾ ਕਿ ਇਹ ਦੌੜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਹੈ ਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਵੱਲ ਇੱਕ ਮਜ਼ਬੂਤ ਸਮੂਹਿਕ ਕਦਮ ਹੈ | ਉਨ੍ਹਾਂ ਐਲਾਨ ਕੀਤਾ ਕਿ 22 ਮਾਰਚ ਨੂੰ ਮਾਹਿਲਪੁਰ (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਕਰਵਾਈ ਜਾਵੇਗੀ, ਉਨ੍ਹਾਂ ਸਾਰੇ ਨਾਗਰਿਕਾਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ | ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਡਿਪਟੀ ਸਪੀਕਰ ਵੱਲੋਂ ਜੇਤੂ ਦੌੜਾਕਾਂ ਨੂੰ ਸਨਮਾਨਿਤ ਕੀਤਾ ਗਿਆ |