ਡਡਵਿੰਡੀ, 22 ਫਰਵਰੀ (ਦਿਲਬਾਗ ਸਿੰਘ ਝੰਡ)- ਡਡਵਿੰਡੀ ਟੀ ਪੁਆਇੰਟ ਵਾਲਾ ਫਾਟਕ ਪਿਛਲੇ ਕਈ ਦਿਨਾਂ ਤੋਂ ਬੰਦ ਹੋਣ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹਨ | ਜਲੰਧਰ-ਫਿਰੋਜ਼ਪੁਰ ਰੇਲਵੇ ਪਟੜੀ ਦੀ ਮੁਰੰਮਤ ਦੇ ਚੱਲ ਰਹੇ ਕੰਮ ਕਾਰਨ ਐੱਸ.41.ਈ ਤਾਸ਼ਪੁਰ ਰੋਡ ਵਾਲਾ ਫਾਟਕ ਪਿਛਲੇ ਕਈ ਦਿਨਾਂ ਤੋਂ ਬੰਦ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਹ ਫਾਟਕ ਨੈਸ਼ਨਲ ਹਾਈਵੇ 703 ਏ ਉੱਪਰ ਪੈਂਦਾ ਹੈ ਅਤੇ ਇਸ ਮਾਰਗ ਉੱਪਰ ਦੀ ਹਮੇਸ਼ਾਂ ਸੰਘਣੀ ਆਵਾਜਾਈ ਬਣੀ ਰਹਿੰਦੀ ਹੈ | ਦੂਜੇ ਜ਼ਿਲਿ੍ਹਆਂ ਨੂੰ ਜਾਣ ਵਾਲੇ ਵੱਡੇ ਵਾਹਨ ਵੀ ਇਸ ਫਾਟਕ ਉੱਪਰ ਦੀ ਗੁਜ਼ਰਦੇ ਹਨ | ਇਹ ਫਾਟਕ ਪਿਛਲੇ ਤਿੰਨ ਚਾਰ ਦਿਨ ਤੋਂ ਬੰਦ ਹੋਣ ਕਾਰਨ ਵੱਡੇ ਵਾਹਨਾਂ ਵਾਲੇ ਖੱਜਲ ਖੁਆਰ ਹੋ ਰਹੇ ਹਨ | ਜਿੱਥੇ ਭਾਰੀ ਵਾਹਨਾਂ ਵਾਲੇ ਡਾਢੇ ਪਰੇਸ਼ਾਨ ਹਨ ਉੱਥੇ ਨੇੜਲੇ ਪਿੰਡਾਂ ਦੇ ਰਾਹਗੀਰ ਵੀ ਇਸ ਸਮੱਸਿਆ ਨੂੰ ਮਜਬੂਰੀ ਵੱਸ ਝੱਲ ਰਹੇ ਹਨ | ਦੋ ਪਈਆਂ ਤੇ ਚਾਰ ਪਹੀਆ ਵਾਹਨਾਂ ਨੂੰ ਤਾਂ ਲੋਕ ਚੱਕ ਕੋਟਲਾ ਵਾਲੇ ਅੰਡਰ ਬਿ੍ਜ ਹੇਠੋਂ ਲੰਘਾ ਕੇ ਕੰਮ ਚਲਾ ਰਹੇ ਹਨ ਪਰ ਭਾਰੀ ਵਾਹਨਾਂ ਵਾਲਿਆਂ ਨੂੰ ਲੰਮਾ ਪੈਂਡਾ ਤੈਅ ਕਰਕੇ ਜਾਣਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਵਧੇਰੇ ਆਰਥਿਕ ਬੋਝ ਝੱਲਣਾ ਪੈਂਦਾ ਹੈ | ਇਸ ਫਾਟਕ ਰਾਹੀਂ ਡਡਵਿੰਡੀ, ਮੋਠਾਂਵਾਲਾ, ਅਹਿਮਦਪੁਰ ਸ਼ੰਨਾ, ਭੌਰ, ਤਾਸ਼ਪੁਰ, ਸਿੱਧਵਾਂ ਦੋਨਾ, ਕੂਲਰਾਂ, ਕਾਲ਼ਾ ਸੰਘਿਆਂ, ਰਾਮਪੁਰ ਜਗੀਰ, ਲੋਹੀਆਂ ਤੇ ਆਸ-ਪਾਸ ਦੇ ਹੋਰ ਪਿੰਡਾਂ ਦੇ ਵਸਨੀਕ, ਸਕੂਲ ਜਾਣ ਵਾਲੇ ਬੱਚੇ, ਕਿਸਾਨ ਤੇ ਦਫ਼ਤਰੀ ਕਰਮਚਾਰੀ ਰੋਜ਼ਾਨਾ ਗੁਜ਼ਰਦੇ ਹਨ ਪਰ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਦੂਜੇ ਲੰਮੇ ਰਸਤੇ ਰਾਹੀਂ ਕਿੱਲੋਮੀਟਰਾਂ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ ਜਿਸ ਨਾਲ ਸਮੇਂ ਤੇ ਤੇਲ ਦੋਵਾਂ ਦੀ ਬਰਬਾਦੀ ਹੋ ਰਹੀ ਹੈ | ਇੱਕ ਰਾਹਗੀਰ ਸਰਦਾਰਾ ਖ਼ਾਨ ਨੇ ਦੱਸਿਆ ਕਿ ਉਹ ਨਾਸਿਕ ਤੋਂ ਜਲੰਧਰ ਪਿਆਜ਼ ਲੈ ਕੇ ਆਇਆ ਸੀ ਤੇ ਫਾਟਕ ਬੰਦ ਹੋਣ ਕਾਰਨ ਉਸ ਦੇ 5 ਤੋਂ 6 ਘੰਟੇ ਖ਼ਰਾਬ ਹੋ ਗਏ | ਇਸੇ ਤਰ੍ਹਾਂ ਰਸਤੇ ਵਿੱਚ ਪੈਂਦੇ ਢਾਬਿਆਂ ਵਾਲੀਆਂ ਨੇ ਦੱਸਿਆ ਕੇ ਫਾਟਕ ਬੰਦ ਹੋਣ ਕਰੇ ਉਨ੍ਹਾਂ ਦਾ ਲਗਭਗ 10 ਤੋਂ 12 ਹਜ਼ਾਰ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਅਸਥਾਈ ਰਸਤਾ ਮੁਹੱਈਆ ਕਰਵਾਇਆ ਜਾਂਦਾ ਤਾਂ ਲੋਕਾਂ ਨੂੰ ਇੰਨੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ | ਆਸ-ਪਾਸ ਦੇ ਪਿੰਡਾਂ ਦੇ ਇਲਾਕਾ ਵਾਸੀਆਂ ਨੇ ਰੇਲਵੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੁਰੰਮਤ ਦਾ ਕੰਮ ਜਲਦੀ ਪੂਰਾ ਕਰਕੇ ਫਾਟਕਾਂ ਨੂੰ ਖੋਲਿ੍ਹਆ ਜਾਵੇ ਜਾਂ ਫਿਰ ਤੁਰੰਤ ਕੋਈ ਵੱਖਰਾ ਰਸਤਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਮ ਜਨਤਾ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਆਉਣ-ਜਾਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ |