ਬੇਗੋਵਾਲ, 22 ਫਰਵਰੀ (ਸੁਖਜਿੰਦਰ ਸਿੰਘ)- ਥਾਣਾ ਬੇਗੋਵਾਲ ਦੇ ਅਧੀਨ ਪੈਂਦੇ ਪਿੰਡ ਨੰਗਲ ਲੁਬਾਣਾ ਵਿੱਚ ਪ੍ਰਵਾਸੀ ਭਾਰਤੀ ਦੇ ਘਰ ਅੱਧੀ ਰਾਤ ਹੋਈ ਫਾਇਰਿੰਗ ਸੰਬੰਧੀ ਬੇਗੋਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਭਾਰਤੀ ਦਵਿੰਦਰ ਸਿੰਘ ਉਰਫ਼ ਪਿ੍ੰਸ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 9 ਨੰਗਲ ਲੁਬਾਣਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਘਰ ਬਾਹਰ ਪਿਸਤੌਲ ਰਾਹੀਂ ਫਾਇਰ ਫਾਇਰ ਕੀਤੇ ਗਏ ਸਨ, ਫਾਇਰ ਕਰਨ ਸਮੇਂ ਨੌਜਵਾਨਾਂ ਦੇ ਮੂੰਹ ਬੰਨ੍ਹੇ ਹੋਏ ਸਨ | ਪ੍ਰਵਾਸੀ ਭਾਰਤੀ ਨੇ ਦੱਸਿਆ ਕਿ ਉਹ ਚਾਰ ਪੰਜ ਦਿਨ ਪਹਿਲਾਂ ਹੀ ਵਿਦੇਸ਼ ਤੋਂ ਘਰ ਆਇਆ ਹੈ ਤੇ ਉਪਰੰਤ ਉਸ ਨੂੰ ਵਿਦੇਸ਼ ਤੋਂ ਕਾਲਾਂ ਆਈਆਂ ਸਨ ਜਿਸ ਵਿੱਚ ਦੋ ਕਾਲ ਕਰਨ ਵਾਲਿਆਂ ਨੂੰ ਉਹ ਜਾਣਦਾ ਹੈ | ਇਹ ਸਾਰੀ ਘਟਨਾ ਉਸ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ | ਘਟਨਾ ਦੀ ਸੂਚਨਾ ਮਿਲਣ 'ਤੇ ਡੀ.ਐੱਸ.ਪੀ. ਸਬ-ਡਵੀਜ਼ਨ ਭੁਲੱਥ ਕਰਨੈਲ ਸਿੰਘ, ਬੇਗੋਵਾਲ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਕੇ ਸਾਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਬੇਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੁੱਢਲੇ ਤੌਰ 'ਤੇ ਇਹ ਪਤਾ ਲੱਗਿਆ ਹੈ ਕਿ ਇਹ ਮਾਮਲਾ ਕੋਈ ਫਿਰੌਤੀ ਜਾਂ ਗੈਂਗਸਟਰ ਦਾ ਨਹੀਂ ਹੈ ਬਲਕਿ ਇੱਕ ਨਿੱਜੀ ਰੰਜਿਸ਼ ਹੈ ਜਿਸ ਤਹਿਤ ਵਿਦੇਸ਼ ਤੋਂ ਆਏ ਪ੍ਰਵਾਸੀ ਭਾਰਤੀ ਨੂੰ ਪਿਛਲੇ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਗਰੁੱਪ ਕਾਲ ਆਈ ਸੀ ਜਿਸ ਵਿੱਚ ਦੋ ਅਣਪਛਾਤੇ ਵਿਅਕਤੀ ਤੇ ਦੋ ਉਸ ਦੇ ਜਾਣਕਾਰ ਵਿਅਕਤੀ ਸਨ ਜਿਨ੍ਹਾਂ ਨੇ ਉਸ ਨੂੰ ਨੁਕਸਾਨ ਕਰਨ ਦੀ ਗੱਲ ਕਹੀ ਸੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ |