ਕਪੂਰਥਲਾ, 23 ਫਰਵਰੀ (ਅਮਨਜੋਤ ਸਿੰਘ ਵਾਲੀਆ)- ਬੀਤੀ ਰਾਤ ਕਪੂਰਥਲਾ ਦੇ ਜਲੰਧਰ ਰੋਡ 'ਤੇ ਪਟੇਲ ਨਗਰ ਕਲੋਨੀ ਵਿਚ ਅਣਪਛਾਤੇ ਚੋਰਾਂ ਵਲੋਂ ਇੱਕ ਕੱਪੜਾ ਵਪਾਰੀ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ | ਪਰਿਵਾਰ ਦੇ ਇਕ ਮੈਂਬਰ ਡੀ.ਐਮ.ਸੀ. ਦਾਖਲ ਹੋਣ ਕਾਰਨ ਸਾਰਾ ਪਰਿਵਾਰ ਉੱਥੇ ਗਿਆ ਹੋਇਆ ਸੀ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਦੇ ਮੁਖੀ ਅਮਨਦੀਪ ਨਾਹਰ ਨੇ ਦੱਸਿਆ ਕਿ ਚੋਰਾਂ ਦੀ ਪਛਾਣ ਲਈ ਘਟਨਾ ਸਥਾਨ ਤੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਚੋਰ ਖਿੜਕੀ ਦੀ ਗਰਿੱਲ ਤੋੜ ਕੇ ਘਰ ਵਿਚ ਦਾਖਲ ਹੋਏ ਤੇ ਲਗਭਗ 1.5 ਲੱਖ ਰੁਪਏ ਦੀ ਨਕਦੀ ਤੇ ਲਗਭਗ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ ਹਨ | ਐੱਸ.ਐਚ.ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਮੰਗਲ ਸਿੰਘ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ |