ਅੱਜ ਹੋਣ ਵਾਲੀ ਪੰਚਾਇਤ ਸੰਮਤੀ ਦੀ ਚੋਣ ਮੁਲਤਵੀ
ਅਜੀਤ ਡੈਸਕ
06-03-2026
ਸੁਲਤਾਨਪੁਰ ਲੋਧੀ, 5 ਮਾਰਚ (ਨਰੇਸ਼ ਹੈਪੀ)- ਅੱਜ ਹੋਣ ਵਾਲੀ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਦੀ ਚੋਣ ਮੁਲਤਵੀ ਹੋਣ ਕਾਰਨ ਕਈ ਤਰ੍ਹਾਂ ਦੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਹਨ | ਇਥੇ ਇਹ ਵਰਣਨਯੋਗ ਹੈ ਕਿ ਸੰਮਤੀ ਦੀਆਂ ਦਸੰਬਰ 2025 'ਚ ਪਈਆਂ ਵੋਟਾਂ ਉਪਰੰਤ ਅਜੇ ਚੇਅਰਮੈਨਾਂ ਦੀ ਚੋਣ ਹੋਣੀ ਬਾਕੀ ਹੈ | ਜਿਸ ਦੇ ਲਈ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਸੀ ਪ੍ਰੰਤੂ ਐਨ ਮੌਕੇ 'ਤੇ ਇਹ ਚੋਣ ਮੁਲਤਵੀ ਕਰ ਦਿੱਤੀ ਗਈ | ਇਸ ਨੂੰ ਲੈ ਕੇ ਇਲਾਕੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਲੋਕਾਂ ਦਾ ਕਹਿਣਾ ਹੈ ਕਿ ਕੀ ਇਹ ਸੁਭਾਵਿਕ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਮਕਸਦ ਹੈ | ਆਜਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਧਿਰ ਨੂੰ ਚੇਅਰਮੈਨਾਂ ਦੀ ਕੁਰਸੀ ਖਿਸਕਦੀ ਨਜ਼ਰ ਆ ਰਹੀ ਹੈ ਜਿਸ ਕਰਕੇ ਸੱਤਾਧਾਰੀ ਧਿਰ ਨੇ ਜਾਣ ਬੁੱਝ ਕੇ ਇਹ ਚੋਣ ਮੁਲਤਵੀ ਕਰਵਾਈ ਹੈ | ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਦੋਸ਼ ਲਗਾਇਆ ਕਿ ਇਹ ਚੋਣ ਜਾਣ ਬੁਝ ਕੇ ਮੁਲਤਵੀ ਕਰਵਾਈ ਗਈ ਹੈ ਅਤੇ ਇਸਦੇ ਪਿੱਛੇ ਸੱਤਾਧਾਰੀ ਧਿਰ ਦਾ ਜਰੂਰ ਕੋਈ ਨਾ ਕੋਈ ਮਕਸਦ ਹੈ ਪਰ ਉਨ੍ਹਾਂ ਦੇ ਇਹ ਮਨਸੂਬੇ ਕਿਸੇ ਵੀ ਹਾਲਤ ਵਿੱਚ ਪੂਰੇ ਨਹੀਂ ਹੋਣਗੇ | ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਇੰਪਰੂਵਮੈਂਟ ਟਰਸਟ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਦੀ ਚੋਣ ਪ੍ਰਸ਼ਾਸਨ ਦੇ ਬਿਜੀ ਹੋਣ ਕਾਰਨ ਮੁਲਤਵੀ ਕੀਤੀ ਗਈ ਹੈ |