ਡਡਵਿੰਡੀ, 5 ਮਾਰਚ (ਦਿਲਬਾਗ ਸਿੰਘ ਝੰਡ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਯੋਜਨਾ ਦੇ ਕਾਰਡ ਬਣਾਉਣ ਸਬੰਧੀ ਨੇੜਲੇ ਪਿੰਡ ਜੈਨਪੁਰ ਵਿਖੇ ਸਰਪੰਚ ਮੇਜਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਹਾਜ਼ਰ ਰਹੇ ਸਰਪੰਚ ਮੇਜਰ ਸਿੰਘ ਨੇ ਵਿਭਾਗ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਪਿੰਡ ਦੇ ਕਰੀਬ 70 ਲਾਭਪਾਤਰੀਆਂ ਦੇ ਕਾਰਡ ਬਣਾਏ ਗਏ | ਇਸ ਮੌਕੇ ਸਰਪੰਚ ਮੇਜਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ 'ਚ ਇੱਕ ਇਤਿਹਾਸਿਕ ਤੇ ਕ੍ਰਾਂਤੀਕਾਰੀ ਕਦਮ ਹੈ, ਜਿਸ ਨਾਲ ਸੂਬੇ ਦੇ ਲੋਕਾਂ ਨੂੰ ਮੁਫ਼ਤ ਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਵਿਚ ਸ਼ਮੂਲੀਅਤ ਕਰਕੇ ਆਪਣੇ ਕਾਰਡ ਬਣਵਾਉਣ ਤਾਂ ਜੋ ਕੋਈ ਵੀ ਇਸ ਯੋਜਨਾ ਦਾ ਲਾਭ ਲੈਣ ਤੋਂ ਵਾਂਝਾ ਨਾ ਰਹੇ |