ਕਪੂਰਥਲਾ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਆਈ.ਕਿਊ.ਏ.ਸੀ. ਤੇ ਆਈ.ਆਈ.ਸੀ. ਸੈੱਲ ਵਲੋਂ ਕੌਮੀ ਵਿਗਿਆਨ ਦਿਵਸ 'ਤੇ ਈ-ਪੋਸਟਰ ਡਿਜ਼ਾਇਨਿੰਗ ਦਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ਇਸ ਮੌਕੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਕਰਮ ਆਨੰਦ ਨੇ ਕਿਹਾ ਕਿ ਵਿਗਿਆਨ ਕੇਵਲ ਪੁਸਤਕਾਂ ਤੱਕ ਹੀ ਸੀਮਿਤ ਨਹੀਂ ਸਗੋਂ ਇਹ ਸਾਡੇ ਜੀਵਨ ਨੂੰ ਬਿਹਤਰ ਬਣਾਉਣ ਦਾ ਸ਼ਕਤੀਸ਼ਾਲੀ ਸਾਧਨ ਹੈ | ਡਾਇਰੈਕਟਰ ਰੁਚੀ ਆਨੰਦ ਨੇ ਡਿਜੀਟਲ ਤਕਨੀਕ ਦੇ ਵਧਦੇ ਪ੍ਰਭਾਵ ਬਾਰੇ ਚਰਚਾ ਕਰਦਿਆਂ ਵਿਦਿਆਰਥੀਆਂ ਵਲੋਂ ਬਣਾਏ ਗਏ ਡਿਜੀਟਲ ਪੋਸਟਰਾਂ ਦੀ ਸ਼ਲਾਘਾ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਇਨੋਵੇਸ਼ਨ ਤੇ ਤਕਨੀਕੀ ਹੁਨਰ ਨੂੰ ਬੜਾਵਾ ਦੇਣਾ ਹੈ | ਮੁਕਾਬਲੇ ਵਿਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਊਰਜਾ ਸੁਰੱਖਿਆ, ਪ੍ਰਦੂਸ਼ਣ ਕੰਟਰੋਲ ਤੇ ਆਧੁਨਿਕ ਤਕਨੀਕ ਦੀ ਸੰਤੁਲਿਤ ਵਰਤੋਂ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਵੀ ਬਹੁਤ ਹੀ ਪ੍ਰਭਾਵੀ ਢੰਗ ਨਾਲ ਪੇਸ਼ ਕੀਤੇ | ਮੁਕਾਬਲੇ ਵਿਚ ਜੱਜਮੈਂਟ ਦੀ ਟੀਮ ਨੇ ਪੋਸਟਰਾਂ ਦੀ ਚੋਣ ਕੀਤੀ ਤੇ ਬਾਅਦ ਵਿਚ ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪਿ੍ੰਸੀਪਲ ਤੇ ਹੋਰ ਸ਼ਖ਼ਸੀਅਤਾਂ ਨੇ ਸਨਮਾਨਿਤ ਕੀਤਾ |