ਫਗਵਾੜਾ, 5 ਮਾਰਚ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ 'ਚ ਪਾਸ਼ਟਾ ਜ਼ੋਨ ਤੋਂ ਜਿੱਤੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਚੇਅਰਮੈਨ ਬਣੇ, ਜਿਸ ਨੂੰ ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਅਤੇ ਬਸਪਾ ਦੇ ਜਿੱਤੇ ਉਮੀਦਵਾਰਾਂ ਨੇ ਵੋਟ ਪਾ ਕੇ ਚੇਅਰਮੈਨ ਬਣਾਇਆ | ਜਦਕਿ ਉਪ ਚੇਅਰਮੈਨ ਕਾਂਗਰਸ ਦੀ ਨੀਸ਼ਾ ਰਾਣੀ ਚੁਣੀ ਗਈ | ਫਗਵਾੜਾ ਦੇ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਦਫ਼ਤਰ ਵਿਖੇ ਦੁਪਹਿਰ 12 ਵਜੇ ਚੋਣ ਪ੍ਰੀਖਿਆ ਸ਼ੁਰੂ ਹੋਈ, ਜਿਸ ਵਿਚ ਅਕਾਲੀ, ਕਾਂਗਰਸ ਤੇ ਬਸਪਾ ਨੇ ਚੇਅਰਮੈਨ ਲਈ ਸੁਰਿੰਦਰਪਾਲ ਸਿੰਘ ਤੇ ਵਾਈਸ ਚੇਅਰਮੈਨ ਲਈ ਨੀਸ਼ਾ ਰਾਣੀ ਉਮੀਦਵਾਰ ਬਣਾਏ ਜਦਕਿ ਆਮ ਆਦਮੀ ਪਾਰਟੀ ਨੇ ਚੇਅਰਮੈਨ ਲਈ ਅਜੈ ਕੁਮਾਰ ਨੂੰ ਚੇਅਰਮੈਨ ਦਾ ਉਮੀਦਵਾਰ ਬਣਾਇਆ ਜਦਕਿ ਉਪ ਚੇਅਰਮੈਨ ਲਈ ਜਸਪ੍ਰੀਤ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ | ਅਕਾਲੀ, ਕਾਂਗਰਸ ਅਤੇ ਬਸਪਾ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਨੂੰ 12 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਜੈ ਕੁਮਾਰ ਨੂੰ 9 ਵੋਟਾਂ ਪਈਆਂ ਜਦਕਿ ਉਪ ਚੇਅਰਮੈਨ ਦੀ ਚੋਣ 'ਚ ਨੀਸ਼ਾ ਰਾਣੀ ਨੂੰ 12 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪ੍ਰੀਤ ਸਿੰਘ ਨੂੰ 9 ਵੋਟਾਂ ਪਈਆਂ | ਜਿਸ ਵਿਚ ਰਿਟਰਨਿੰਗ ਅਫ਼ਸਰ ਵਲੋਂ ਸੁਰਿੰਦਰਪਾਲ ਸਿੰਘ ਨੂੰ ਚੇਅਰਮੈਨ ਤੇ ਨੀਸ਼ਾ ਰਾਣੀ ਨੂੰ ਉਪ ਚੇਅਰਮੈਨ ਲਈ ਜੇਤੂ ਐਲਾਨਿਆ | ਫਗਵਾੜਾ ਬਲਾਕ ਸੰਮਤੀ ਲਈ 20 ਜ਼ੋਨਾਂ ਵਿਚ 20 ਬਲਾਕ ਸੰਮਤੀ ਮੈਂਬਰ ਬਣੇ ਸਨ, ਜਿਨ੍ਹਾਂ ਵਿਚ ਆਪ ਦੇ 9, ਕਾਂਗਰਸ 5, ਅਕਾਲੀ ਦਲ 4, ਬਸਪਾ 1 ਤੇ 1 ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ ਤੇ ਇੱਕ ਵੋਟ ਹਲਕੇ ਦੇ ਵਿਧਾਇਕ ਦੀ ਪੈਂਦੀ ਹੈ | ਇਸ ਮੌਕੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਬਸਪਾ ਆਗੂ ਮਾਸਟਰ ਹਰਭਜਨ ਸਿੰਘ ਬਲਾਲੋ ਨੇ ਸੁਰਿੰਦਰ ਪਾਲ ਸਿੰਘ ਤੇ ਨੀਸ਼ਾ ਰਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਜਿੱਤ ਪਾਰਟੀ ਵਰਕਰਾਂ ਦੀ ਜਿੱਤ ਹੈ ਤੇ ਇਸ ਜਿੱਤ ਨਾਲ ਆਮ ਆਦਮੀ ਪਾਰਟੀ ਦੇ ਹੰਕਾਰ ਦਾ ਭਾਂਡਾ ਟੁੱਟ ਗਿਆ | ਇਸ ਮੌਕੇ ਜਿੱਤ ਦੀ ਖ਼ੁਸ਼ੀ ਵਿਚ ਪਾਰਟੀ ਵਰਕਰਾਂ ਨੇ ਆਪਣੀ ਆਪਣੀ ਪਾਰਟੀ ਦੇ ਜੈਕਾਰੇ ਲਾਏ ਤੇ ਖ਼ੂਬ ਭੰਗੜੇ ਪਾਏ | ਇਸ ਮੌਕੇ ਸਤਵਿੰਦਰ ਸਿੰਘ ਘੁੰਮਣ, ਬਿੰਦਰ ਸਿੰਘ ਰਾਵਲਪਿੰਡੀ, ਗੁਰਦੀਪ ਸਿੰਘ ਖੇੜਾ, ਸਤਪਾਲ ਸਿੰਘ ਕਿਸ਼ਨਪੁਰ, ਸੁਖਦੀਪ ਵਾਲੀਆ, ਜੀਤੀ ਖੇੜਾ, ਸੰਜੀਵ ਬੁੱਗਾ, ਗੁਰਜੀਤਪਾਲ ਵਾਲੀਆ, ਨਰੇਸ਼ ਭਾਰਦਵਾਜ, ਜਸਵੰਤ ਸਿੰਘ ਜਗਪਾਲ, ਬੰਟੀ ਵਾਲੀਆ, ਕਾਲਾ ਕੌਂਸਲਰ, ਪਰਮਜੀਤ ਖਲਵਾੜਾ, ਲੇਖ ਰਾਜ ਜਮਾਲਪੁਰੀ ਤੋ ਇਲਾਵਾ ਵੱਡੀ ਗਿਣਤੀ ਵੱਖ ਵੱਖ ਪਾਰਟੀਆਂ ਦੇ ਵਰਕਰ ਤੇ ਆਗੂ ਹਾਜ਼ਰ ਸਨ |