ਫਗਵਾੜਾ, 5 ਮਾਰਚ (ਹਰਜੋਤ ਸਿੰਘ ਚਾਨਾ)-'ਆਪ' ਆਗੂ ਦੇ ਘਰ 'ਤੇ ਹੋਈ ਫਾਇਰਿੰਗ ਦੇ ਮਾਮਲੇ ਦੀ ਜਾਂਚ ਲਈ ਪੁਲਿਸ ਵਲੋਂ ਗੈਂਗਸਟਰ ਵਿਰਿੰਦਰ ਪ੍ਰਤਾਪ ਸਿੰਘ ਉਰਫ਼ ਕਾਲਾ ਰਾਣਾ ਨੂੰ ਇੱਕ ਵਾਰ ਫਿਰ ਗੁਰੂਗ੍ਰਾਮ ਦੀ ਭੋਂਡਸੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਫਗਵਾੜਾ ਲਿਆਂਦਾ ਗਿਆ ਹੈ ਤੇ ਬੁੱਧਵਾਰ ਸ਼ਾਮ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ | ਜਿੱਥੇ ਅਦਾਲਤ ਨੇ ਜਾਂਚ ਏਜੰਸੀ ਦਾ ਪੱਖ ਸੁਣਨ ਤੋਂ ਬਾਅਦ ਗੈਂਗਸਟਰ ਕਾਲਾ ਰਾਣਾ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ, ਤਾਂ ਜੋ ਇਸ ਮਾਮਲੇ ਵਿਚ ਉਸ ਦੀ ਕਥਿਤ ਭੂਮਿਕਾ ਤੇ ਪੂਰੀ ਸਾਜ਼ਿਸ਼ ਬਾਰੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ | ਵਰਨਣਯੋਗ ਹੈ ਕਿ ਕਾਲਾ ਰਾਣਾ ਨੂੰ 27 ਨਵੰਬਰ ਨੂੰ ਫਗਵਾੜਾ ਨੇੜਲੇ ਪਿੰਡ ਦਰਵੇਸ਼ 'ਚ ਆਪ ਆਗੂ ਦਲਜੀਤ ਰਾਜੂ ਦੇ ਘਰ 'ਤੇ ਅੱਧੀ ਰਾਤ ਹੋਈ ਫਾਇਰਿੰਗ ਦੇ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ | ਇਸ ਘਟਨਾ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਰਾਜਨੀਤਿਕ ਆਗੂ ਦੇ ਘਰ 'ਤੇ ਕਈ ਗੋਲੀਆਂ ਚਲਾਈਆਂ ਸਨ ਤੇ ਬਾਅਦ 'ਚ ਮੌਕੇ ਤੋਂ ਫ਼ਰਾਰ ਹੋ ਗਏ ਸਨ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ | ਪੁਲਿਸ ਸੂਤਰਾਂ ਮੁਤਾਬਿਕ ਜਾਂਚ ਦੌਰਾਨ ਇਸ ਘਟਨਾ 'ਚ ਕਾਲਾ ਰਾਣਾ ਦੀ ਭੂਮਿਕਾ ਸਾਹਮਣੇ ਆਈ ਹੈ | ਦੱਸਿਆ ਜਾਂਦਾ ਹੈ ਕਿ ਇਸ ਗੈਂਗਸਟਰ ਖ਼ਿਲਾਫ਼ ਕਤਲ ਤੇ ਵਸੂਲੀ ਸਮੇਤ ਕਈ ਅਪਰਾਧਿਕ ਮਾਮਲੇ ਵੱਖ-ਵੱਖ ਰਾਜਾਂ 'ਚ ਦਰਜ ਹਨ | ਪੁਲਿਸ ਹਿਰਾਸਤ 'ਚ ਲਿਆਂਦੇ ਜਾਣ ਤੋਂ ਬਾਅਦ ਜਾਂਚ ਅਧਿਕਾਰੀ ਕਾਲਾ ਰਾਣਾ ਤੋਂ ਪੁੱਛਗਿੱਛ ਕਰਨਗੇ | ਇਸ ਦੌਰਾਨ ਫਾਇਰਿੰਗ ਕਰਨ ਵਾਲੇ ਨਕਾਬਪੋਸ਼ ਹਮਲਾਵਰਾਂ ਦੀ ਪਹਿਚਾਣ, ਹਮਲੇ ਦੇ ਪਿੱਛੇ ਮਕਸਦ ਤੇ ਇਸ ਵਿਚ ਸਹਾਇਤਾ ਕਰਨ ਵਾਲੇ ਹੋਰ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਸੂਤਰਾਂ ਅਨੁਸਾਰ ਹਾਲ ਹੀ 'ਚ ਫਗਵਾੜਾ ਤੇ ਆਸ ਪਾਸ ਦੇ ਇਲਾਕਿਆਂ 'ਚ ਕੁੱਝ ਵਪਾਰੀਆਂ, ਕਾਲੋਨਾਈਜ਼ਰਾਂ ਤੇ ਜਿਊਲਰੀ ਮਾਲਕਾ ਨੂੰ ਵੀ ਵਸੂਲੀ ਲਈ ਧਮਕੀ ਭਰੇ ਫ਼ੋਨ ਆ ਰਹੇ ਹਨ, ਜਿਸ ਨਾਲ ਕਾਰੋਬਾਰੀ ਵਰਗ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਹ ਧਮਕੀਆਂ ਇਸੇ ਗਿਰੋਹ ਨਾਲ ਜੁੜੀਆਂ ਹੋ ਸਕਦੀਆਂ ਹਨ | ਗੱਲਬਾਤ ਕਰਦਿਆਂ ਐਸ.ਪੀ. ਮਾਧਵੀ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫਾਇਰਿੰਗ ਦੇ ਪਿੱਛੇ ਲੁਕੀ ਸਾਜ਼ਿਸ਼ ਨੂੰ ਬੇਨਕਾਬ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਵੀ ਇਸ ਘਟਨਾ 'ਚ ਸ਼ਾਮਲ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਪੁਲਿਸ ਅਧਿਕਾਰੀਆਂ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਹੋਣ ਵਾਲੀ ਪੁੱਛਗਿੱਛ ਨਾਲ ਇਸ ਮਾਮਲੇ 'ਚ ਮਹੱਤਵਪੂਰਨ ਸੁਰਾਗ ਮਿਲ ਸਕਦੇ ਹਨ ਤੇ ਇਲਾਕੇ 'ਚ ਵਧ ਰਹੀਆਂ ਵਸੂਲੀ ਦੀਆਂ ਘਟਨਾਵਾਂ 'ਤੇ ਵੀ ਕਾਬੂ ਪਾਇਆ ਜਾ ਸਕੇਗਾ |