ਕਪੂਰਥਲਾ, 5 ਮਾਰਚ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਲਿਬਾਜ਼-ਏ-ਨਾਜ਼' ਦੇ ਥੀਮ ਤਹਿਤ ਇਕ ਫ਼ੈਸ਼ਨ ਸ਼ੋਅ ਕਰਵਾਇਆ ਗਿਆ, ਜਿਸ ਵਿਚ ਗੁਰਪ੍ਰੀਤ ਕੌਰ ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਤੇ ਰਵਿੰਦਰ ਕੌਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੇਰਖਾਨਪੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਇਸ ਮੌਕੇ ਫ਼ੈਸ਼ਨ ਡਿਜ਼ਾਈਨ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੇ ਗਏ ਰਿਵਾਇਤੀ, ਵੈਸਟਰਨ ਅਤੇ ਥੀਮ ਆਧਾਰਿਤ ਡਿਜ਼ਾਈਨ ਕੀਤੇ ਪਹਿਰਾਵਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਤੇ ਬਾਅਦ ਵਿਚ ਵਿਦਿਆਰਥੀਆਂ ਨੇ ਰੈਂਪ ਵਾਕ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਫ਼ੈਸ਼ਨ ਸ਼ੋਅ ਵਿਚ ਮਿਸ ਅੰਜਨਾ ਡਿਪਾਰਟਮੈਂਟ ਆਫ਼ ਐਪਰਲ ਐਂਡ ਟੈਕਸਟਾਈਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਅਵਨਿੰਦਰ ਕੌਰ ਹਿੰਦੂ ਕੰਨਿਆ ਕਾਲਜ ਕਪੂਰਥਲਾ ਤੇ ਮਿਸ ਡੌਲੀ ਐਸ.ਟੀ. ਕਾਲਜ ਫ਼ਾਰ ਵੁਮੈਨ ਨੇ ਜੱਜ ਵਜੋਂ ਭੂਮਿਕਾ ਨਿਭਾਈ | ਫ਼ੈਸ਼ਨ ਡਿਜ਼ਾਈਨ ਵਿਭਾਗ ਦੀ ਮੁਖੀ ਪਰਮਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਸ਼ੋਅ ਵਿਦਿਆਰਥਣਾਂ ਦੀ ਰਚਨਾਤਮਿਕਤਾ ਨੂੰ ਪੇਸ਼ ਕਰਨ ਦਾ ਵਧੀਆ ਮੌਕਾ ਪ੍ਰਦਾਨ ਕਰਦੇ ਹਨ | ਉਨ੍ਹਾਂ ਵਿਦਿਆਰਥਣਾਂ ਦੀ ਮਿਹਨਤ ਅਤੇ ਟੀਮ ਵਰਕ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਬੋਲਦਿਆਂ ਕਾਲਜ ਦੇ ਪਿ੍ੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਦੇ ਹਨ ਤੇ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਲਈ ਤਿਆਰ ਕਰਦੇ ਹਨ | ਉਨ੍ਹਾਂ ਵਿਦਿਆਰਥਣਾਂ ਨੂੰ ਨਵੀਂ ਸੋਚ ਤੇ ਹੁਨਰ ਆਧਾਰਿਤ ਸਿੱਖਿਆ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਫ਼ੈਸ਼ਨ ਸ਼ੋਅ ਵਿਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਸਨਮਾਨਿਤ ਕੀਤਾ ਤੇ ਬਾਅਦ ਵਿਚ ਕਾਲਜ ਦੇ ਪਿ੍ੰਸੀਪਲ ਤੇ ਹੋਰ ਸਟਾਫ਼ ਨੇ ਮੁੱਖ ਮਹਿਮਾਨ ਪਿ੍ੰਸੀਪਲ ਗੁਰਮੀਤ ਕੌਰ ਤੇ ਪਿ੍ੰਸੀਪਲ ਰਵਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਨਿਵਾਜਿਆ | ਫ਼ੈਸ਼ਨ ਸ਼ੋਅ ਨੂੰ ਸਫ਼ਲ ਬਣਾਉਣ ਵਿਚ ਫ਼ੈਸ਼ਨ ਡਿਜ਼ਾਈਨ ਵਿਭਾਗ ਦੀ ਇੰਚਾਰਜ ਅਮਨਦੀਪ ਕੌਰ ਤੇ ਅਧਿਆਪਕਾ ਪਲਕਾ ਨੇ ਵਿਸ਼ੇਸ਼ ਯੋਗਦਾਨ ਪਾਇਆ |