ਬੇਗੋਵਾਲ/ਨਡਾਲਾ 5 ਮਾਰਚ (ਸੁਖਜਿੰਦਰ ਸਿੰਘ, ਰਘਵਿੰਦਰ ਸਿੰਘ)-ਲਾਈਨ ਕਲੱਬ ਭੁਲੱਥ ਵਿਸ਼ਵਾਸ ਨੇ ਆਪਣੇ ਸਮਾਜ ਸੇਵੀ ਕੰਮਾਂ ਵਿਚ ਵਾਧਾ ਕਰਦਿਆਂ ਕਲੱਬ ਦੇ ਪ੍ਰਧਾਨ ਮਨਜੀਤ ਕੌਰ ਖ਼ਾਲਸਾ ਤੇ ਚੇਅਰਮੈਨ ਵਿਕਾਸ ਜੁਲਕਾ ਦੀ ਅਗਵਾਈ ਹੇਠ ਪਰਮਜੀਤ ਹਸਪਤਾਲ ਬੇਗੋਵਾਲ ਦੇ ਸਹਿਯੋਗ ਨਾਲ ਤਲਵੰਡੀ ਕੂਕਾ ਵਿਖੇ ਹੋਲੇ ਮਹੱਲੇ ਤੇ ਬਾਬਾ ਮਹਿਤਾਬ ਦਾਸ ਦੀ ਸਾਲਾਨਾ ਯਾਦ ਨੂੰ ਸਮਰਪਿਤ ਇੱਕ ਮੈਡੀਕਲ ਕੈਂਪ ਲਗਾਇਆ ਗਿਆ | ਜਿਸ ਵਿਚ 125 ਮਰੀਜ਼ਾਂ ਨੇ ਲਾਹਾ ਲੈਂਦਿਆਂ ਵੱਖ-ਵੱਖ ਬਿਮਾਰੀਆਂ ਦੀਆਂ ਦਵਾਈਆਂ ਪ੍ਰਾਪਤ ਕੀਤੀਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮਨਜੀਤ ਕੌਰ ਖ਼ਾਲਸਾ ਤੇ ਚੇਅਰਮੈਨ ਵਿਕਾਸ ਜੁਲਕਾ ਨੇ ਸਾਂਝੇ ਤੌਰ 'ਤੇ ਦੱਸਿਆ ਕਲੱਬ ਵਲੋਂ ਹਮੇਸ਼ਾ ਹੀ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਤਹਿਤ ਪਰਮਜੀਤ ਹਸਪਤਾਲ ਬੇਗੋਵਾਲ ਦੇ ਮਾਹਿਰ ਡਾ. ਤਰਸੇਮ ਸਿੰਘ ਤੇ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਲੱਗੇ ਇਸ ਮੈਡੀਕਲ ਕੈਂਪ ਵਿਚ ਵੱਖ-ਵੱਖ ਬਿਮਾਰੀਆਂ ਦੇ 125 ਪੀੜਤ ਮਰੀਜ਼ਾਂ ਨੇ ਚੈੱਕਅਪ ਕਰਵਾਇਆ ਤੇ ਕਲੱਬ ਵਲੋਂ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ | ਇਸ ਮੌਕੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਵਲੋਂ ਕਲੱਬ ਤੇ ਪਰਮਜੀਤ ਹਸਪਤਾਲ ਦੀ ਡਾਕਟਰ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ਜੋਗਿੰਦਰ ਸਿੰਘ, ਦਲੀਪ ਸਿੰਘ, ਕੁਲਵਿੰਦਰ ਸਿੰਘ, ਅਤਰ ਸਿੰਘ, ਨਰਿੰਦਰ ਸਿੰਘ, ਭਜਨ ਸਿੰਘ, ਕੈਪਟਨ ਰਤਨ ਸਿੰਘ, ਡਾ. ਮਨਿੰਦਰ ਸਿੰਘ, ਦਸੁੰਦਾ ਸਿੰਘ, ਬਲਵਿੰਦਰ ਸਿੰਘ, ਪ੍ਰੋ. ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |