ਨਡਾਲਾ, 5 ਮਾਰਚ (ਰਘਬਿੰਦਰ ਸਿੰਘ)-ਬਲਾਕ ਸੰਮਤੀ ਨਡਾਲਾ ਦੇ ਚੇਅਰਮੈਨ ਦੀ ਚੋਣ ਲਈ ਬੁਲਾਈ ਗਈ ਮੀਟਿੰਗ ਅੱਜ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ | ਇਹ ਮੀਟਿੰਗ ਅੱਜ ਦੁਪਹਿਰ 3 ਵਜੇ ਹੋਣੀ ਸੀ ਜਿਸ ਵਿਚ ਚੇਅਰਮੈਨ ਦੀ ਚੋਣ ਪ੍ਰਕਿਰਿਆ ਪੂਰੀ ਕੀਤੀ ਜਾਣੀ ਸੀ, ਪਰ ਅਚਾਨਕ ਆਏ ਪ੍ਰਬੰਧਕੀ ਕਾਰਨਾਂ ਕਰਕੇ ਪ੍ਰਸ਼ਾਸਨ ਵੱਲੋਂ ਇਸ ਨੰੂ ਅਗਲੀ ਤਰੀਕ ਤੱਕ ਲਈ ਟਾਲ ਦਿੱਤਾ ਗਿਆ | ਸੂਤਰਾਂ ਅਨੁਸਾਰ ਮੀਟਿੰਗ ਵਿਚ ਬਲਾਕ ਸੰਮਤੀ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਚੇਅਰਮੈਨ ਦੀ ਚੋਣ ਕੀਤੀ ਜਾਣੀ ਸੀ, ਜਿਸ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ | ਮੀਟਿੰਗ ਦੇ ਮੁਲਤਵੀ ਹੋਣ ਨਾਲ ਸਿਆਸੀ ਗਲਿਆਰਿਆਂ ਵਿਚ ਵੀ ਕਾਫ਼ੀ ਚਰਚਾ ਹੋ ਰਹੀ ਹੈ | ਗੱਲਬਾਤ ਕਰਦਿਆਂ ਬਲਾਕ ਪੰਚਾਇਤ ਅਫ਼ਸਰ ਨਡਾਲਾ ਕੁਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਚੋਣ ਮੀਟਿੰਗ ਦੀ ਨਵੀਂ ਤਰੀਕ ਜਲਦ ਹੀ ਐਲਾਨੀ ਜਾਵੇਗੀ ਅਤੇ ਸਾਰੇ ਸੰਬੰਧਿਤ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ | ਇੱਥੇ ਦੱਸ ਦੇਈਏ ਕਿ ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 13 ਜ਼ੋਨ ਅਤੇ ਕਾਂਗਰਸ ਨੇ 9 ਜ਼ੋਨ ਤੇ ਕਬਜ਼ਾ ਕੀਤਾ ਸੀ ਜਿਸ ਵਿਚ ਜ਼ੋਨ ਨੰਬਰ 18 ਚੱਕੋਕੀ ਤੋਂ 'ਆਪ' ਉਮੀਦਵਾਰ ਜਗਤਾਰ ਸਿੰਘ ਧਾਲੀਵਾਲ, ਜ਼ੋਨ 21 ਪੱਡਾ ਬੇਟ ਤੋਂ 'ਆਪ' ਉਮੀਦਵਾਰ ਨਰਿੰਦਰ ਕੌਰ ਅਤੇ ਜ਼ੋਨ 17 ਲੱਖਣ ਕੇ ਪੱਡਾ ਤੋਂ 'ਆਪ' ਦੇ ਜਾਪ ਸਿੰਘ ਬਿਨਾ ਮੁਕਾਬਲਾ ਜੇਤੂ ਰਹੇ ਸਨ |