ਖਲਵਾੜਾ, 8 ਮਾਰਚ (ਮਨਦੀਪ ਸਿੰਘ ਸੰਧੂ)-ਅਕਾਲੀ ਦਲ ਦੇ 2017 'ਚ ਸੱਤਾ ਵਿਚੋਂ ਬਾਹਰ ਹੋਣ ਤੋਂ ਬਾਅਦ ਫਗਵਾੜਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ ਦੇ ਪਿੰਡ ਵਾਹਦ ਨੂੰ ਫਗਵਾੜਾ ਤੋਂ ਜਾਂਦੀ ਸੜਕ ਦੀ ਕਰੀਬ 10 ਸਾਲ ਇੰਨੀ ਬੁਰੀ ਹਾਲਤ ਰਹੀ ਕਿ ਇੱਥੋਂ ਲੋਕਾਂ ਦਾ ਲੰਘਣਾ ਔਖਾ ਰਿਹਾ ਤੇ ਤਿੰਨ ਜ਼ਿਲਿ੍ਹਆਂ ਦੇ ਸੈਂਕੜੇ ਦੇ ਕਰੀਬ ਪਿੰਡਾਂ ਦੇ ਇਥੋਂ ਲੰਘਣ ਵਾਲੇ ਲੋਕ ਸਰਕਾਰਾਂ ਨੂੰ ਕੋਸਦੇ ਰਹੇ | ਹੁਣ ਭਾਵੇਂ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਿਆ ਹੈ ਤੇ ਸੜਕ ਜਲਦ ਬਣਾਏ ਜਾਣ ਦੀ ਉਮੀਦ ਹੈ, ਪਰ ਸਿਰਫ਼ ਰਿਪੇਅਰ ਕੀਤੇ ਜਾਣ ਕਰਕੇ ਲੋਕਾਂ ਦੇ ਦਿਲਾਂ 'ਚ ਹਾਲੇ ਵੀ ਸਹਿਮ ਦਾ ਮਾਹੌਲ ਹੈ ਕਿਉਂਕਿ ਪਿਛਲੀ ਵਾਰ ਜਦੋਂ ਇਹ ਸੜਕ ਮੁੜ ਤੋਂ ਬਣਾਈ ਗਈ ਸੀ ਤਾਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਸੀ ਅਤੇ ਅੱਧੀ ਸੜਕ 'ਤੇ ਵੱਟੇ ਪਾ ਕੇ ਛੱਡ ਦਿੱਤੇ ਗਏ ਸਨ ਜੋ ਕਿ 2018 ਦੀ ਸਰਪੰਚੀ ਚੋਣ ਦੌਰਾਨ ਪਿੰਡ ਵਾਹਦ 'ਚ ਪਹਿਲੀ ਵਾਰ ਕਾਂਗਰਸ ਦਾ ਸਰਪੰਚ ਬਣਨ 'ਤੇ ਸੰਪੂਰਨ ਬਣ ਸਕੀ ਸੀ | ਇਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਇੰਨਾ ਵਿਤਕਰਾ ਕੀਤਾ ਗਿਆ ਕਿ ਇਨ੍ਹਾਂ ਦਾ ਬਾਈਪਾਸ ਤੋਂ ਲਾਂਘਾ ਵੀ ਬੰਦ ਕਰ ਦਿੱਤਾ ਅਤੇ ਸੈਂਕੜੇ ਪਿੰਡਾਂ ਦੇ ਲੋਕ ਫਗਵਾੜੇ ਜਾਣ ਲਈ ਇਕ ਸੌ ਵੋਟਾਂ ਵਾਲੇ ਪਿੰਡ ਨੂੰ ਦਿੱਤੇ ਗਏ ਲਾਂਘੇ ਰਾਹੀਂ ਲੰਘ ਕੇ ਫਗਵਾੜੇ ਜਾਂਦੇ ਹਨ ਜਿਸ ਦੇ ਰਸਤੇ ਵਿਚ ਇਕ ਵੱਡੇ ਆਗੂ ਦਾ ਪੈਟਰੋਲ ਪੰਪ ਆਉਂਦਾ ਹੈ ਤੇ ਲੋਕ ਸਮਝਦੇ ਹਨ ਕਿ ਸ਼ਾਇਦ ਉਨ੍ਹਾਂ ਨੂੰ ਜਾਣਬੁੱਝ ਕੇ ਉਸ ਪੰਪ ਦੇ ਅੱਗਿਓਾ ਲੰਘਾਇਆ ਜਾ ਰਿਹਾ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਲਕੇ ਦੇ ਇਕ ਹੋਰ ਉੱਚ ਅਕਾਲੀ ਆਗੂ ਦੇ ਪਿੰਡ ਚੱਕ ਪ੍ਰੇਮਾ ਨੂੰ ਜਾਂਦੀ ਸੜਕ ਦੀ ਵੀ 2017 ਤੋਂ ਬਾਅਦ ਕਈ ਸਾਲ ਬੁਰੀ ਹਾਲਤ ਰਹੀ | ਹੁਣ ਦੇਖਣਾ ਹੋਵੇਗਾ ਕਿ ਫਗਵਾੜਾ ਵਾਹਦ ਸੜਕ ਕਿੰਨੇ ਸਮੇਂ ਵਿਚ ਰਿਪੇਅਰ ਹੁੰਦੀ ਹੈ ਤੇ ਕਿਹੋ ਜਿਹੇ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ |