ਕਪੂਰਥਲਾ, 9 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ 'ਚ ਇਕ ਸੈਮੀਨਾਰ ਕਰਵਾਇਆ, ਜਿਸ 'ਚ ਡੀ. ਏ. ਵੀ. ਯੂਨੀਵਰਸਿਟੀ ਦੇ ਸਾਈਕਾਲੋਜੀ ਵਿਭਾਗ ਦੀ ਮੁਖੀ ਡਾ. ਪ੍ਰਤਿਮਾ ਸ਼ਰਮਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ | ਇਸ ਮੌਕੇ ਬੋਲਦਿਆਂ ਡਾ. ਸ਼ਰਮਾ ਨੇ ਵਿਦਿਆਰਥੀਆਂ ਨੂੰ ਮਾਨਸਿਕ ਰੂਪ ਵਿਚ ਸ਼ਕਤੀਸ਼ਾਲੀ ਬਣਨ ਤੇ ਸਮਾਜ ਵਿਚ ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਰੋਜ਼ ਮਰਾ ਦੇ ਜੀਵਨ 'ਚ ਆਤਮ ਵਿਸ਼ਵਾਸ ਦੀ ਭੂਮਿਕਾ ਤੇ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਮਨੋਵਿਗਿਆਨਕ ਤਰੀਕਿਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਕਾਲਜ ਦੀ ਡਾਇਰੈਕਟਰ ਰੁਚੀ ਆਨੰਦ ਨੇ ਕਿਹਾ ਕਿ ਇਕ ਸਿੱਖਿਅਤ ਤੇ ਆਤਮ ਵਿਸ਼ਵਾਸੀ ਔਰਤ ਹੀ ਖ਼ੁਸ਼ਹਾਲ ਸਮਾਜ ਦੀ ਸਿਰਜਣਾ ਕਰ ਸਕਦੀ ਹੈ | ਉਨ੍ਹਾਂ ਕਿਹਾ ਕਿ ਅਜੋਕੇ ਯੁੱਗ 'ਚ ਔਰਤਾਂ ਨੂੰ ਉਨ੍ਹਾਂ ਦਾ ਆਤਮ ਵਿਸ਼ਵਾਸ ਹੀ ਸ਼ਕਤੀਸ਼ਾਲੀ ਬਣਾ ਸਕਦਾ ਹੈ | ਉਨ੍ਹਾਂ ਔਰਤਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਪ੍ਰਤਿਮਾ ਸ਼ਰਮਾ ਦਾ ਧੰਨਵਾਦ ਕੀਤਾ | ਉਨ੍ਹਾਂ ਸਿੱਖਿਆ ਦੇ ਨਾਲ-ਨਾਲ ਵਿਅਕਤੀਤਵ ਦੇ ਵਿਕਾਸ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ | ਸੈਮੀਨਾਰ 'ਚ ਕਾਲਜ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |