ਭੁਲੱਥ, 9 ਮਾਰਚ (ਮਨਜੀਤ ਸਿੰਘ ਰਤਨ)-ਤਹਿਸੀਲ ਭੁਲੱਥ ਵਿਖੇ ਤਾਇਨਾਤ ਪਟਵਾਰੀਆਂ ਵਲੋਂ ਕੀਤੀ ਗਈ ਹੜਤਾਲ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ | ਜਦਕਿ ਲੋਕ ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਆਪਣੇ ਜ਼ਮੀਨ ਜਾਇਦਾਦ ਬਾਬਤ ਕੰਮ ਪਟਵਾਰੀਆਂ ਤੋਂ ਕਰਵਾਉਣ ਆਏ ਸਨ ਪਰ ਪਟਵਾਰੀਆਂ ਦੇ ਦਫ਼ਤਰ ਨੂੰ ਲੱਗਾ ਤਾਲਾ ਦੇਖ ਉਹ ਨਿਰਾਸ਼ਾ ਨਾਲ ਵਾਪਸ ਮੁੜਦੇ ਦਿਖਾਈ ਦਿੱਤੇ | ਹੜਤਾਲ ਦਾ ਕਾਰਨ ਪੁੱਛਣ ਸੰਬੰਧੀ ਜਦੋਂ ਪਟਵਾਰੀਆਂ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਹੜਤਾਲ ਦਾ ਕਾਰਨ ਦੱਸਿਆ ਕਿ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ਵਿਚ ਹੋਇਆ ਪ੍ਰਦਰਸ਼ਨ ਹੈ | ਬੀਤੇ ਦਿਨ ਪੰਜਾਬ ਵਿਧਾਨ ਸਭਾ ਵੱਲ ਆਪਣੀ ਮੰਗਾਂ ਨੂੰ ਲੈ ਕੇ ਮਾਰਚ ਕੱਢ ਰਹੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਜਲ ਤੋਪਾਂ ਤੇ ਅੱਥਰੂ ਗੈਸ ਦੇ ਗੋਲਿਆਂ ਅਤੇ ਲਾਠੀ ਚਾਰਜ ਕੀਤਾ, ਜਿਸ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸੱਟਾਂ ਲੱਗੀਆਂ ਅਤੇ ਪੱਗਾਂ ਲੱਥੀਆਂ, ਜੋਕਿ ਧੱਕੇਸ਼ਾਹੀ ਹੈ ਜਦ ਕਿ ਸਰਕਾਰ ਨੂੰ ਬੈਠ ਕੇ ਮੰਗਾਂ ਸੁਣਨੀਆਂ ਚਾਹੀਦੀਆਂ ਸਨ | ਇਸ ਘਟਨਾ ਦੇ ਵਿਰੋਧ 'ਚ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਨੇ ਹਮਦਰਦੀ ਜਤਾਉਂਦਿਆਂ ਉਨ੍ਹਾਂ ਦਾ ਸਮਰਥਨ ਦਿੰਦੇ ਹੋਏ ਹੜਤਾਲ ਕੀਤੀ | ਪਟਵਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਹੋਈ ਪਰੇਸ਼ਾਨੀ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸੁਣ ਕੇ ਗੱਲਬਾਤ ਕਰਨੀ ਚਾਹੀਦੀ ਸੀ ਅਜਿਹੀ ਧੱਕੇਸ਼ਾਹੀ ਨਿੰਦਣਯੋਗ ਹੈ |