ਹੁਸੈਨਪੁਰ, 9 ਮਾਰਚ (ਤਰਲੋਚਨ ਸਿੰਘ ਸੋਢੀ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਰਾਹਗੀਰਾਂ ਨੂੰ ਆਉਣ ਜਾਣ ਵਿਚ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਦੇ ਮਨੋਰਥ ਨਾਲ ਜਿਥੇ ਸੜਕਾਂ ਨੂੰ ਚੌੜਾ ਤੇ ਰਿਪੇਅਰ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਸੰਬੰਧਿਤ ਅਧਿਕਾਰੀਆਂ ਨੂੰ ਬਿਨਾਂ ਸੂਚਿਤ ਕੀਤਿਆਂ ਹੀ ਕੁੱਝ ਲੋਕਾਂ ਵਲੋਂ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨੂੰ ਪੱਟ ਕੇ ਸੀਵਰੇਜ ਪਾਉਣ ਦਾ ਆਪ ਮੁਹਾਰੇ ਕਾਰਜ ਕਰਨਾ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਪ੍ਰਤੀ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਰਿਹਾ ਹੈ | ਕੀ ਅਧਿਕਾਰੀਆਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ | ਇਸ ਸੰਬੰਧੀ ਇਲਾਕੇ ਭਰ ਦੇ ਸਿਰਕੱਢ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਤਾਂ ਪਹਿਲਾਂ ਹੀ ਕਈ ਥਾਵਾਂ ਤੋਂ ਟੁੱਟਾ ਹੋਣ ਕਰਕੇ ਆਉਣ ਜਾਣ ਵਾਲਿਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਰੇਲ ਕੋਚ ਫ਼ੈਕਟਰੀ ਦੇ ਬਾਹਰ ਗੇਟ ਨੰਬਰ ਇਕ ਅਤੇ ਦੋ ਦੇ ਵਿਚਕਾਰ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨਾਲ ਬਣੀਆਂ ਦੁਕਾਨਾਂ ਵਾਲਿਆਂ ਵਲੋਂ ਦੁਕਾਨਾਂ ਦੇ ਗੰਦੇ ਪਾਣੀ ਵਾਸਤੇ ਸੀਵਰੇਜ ਪਾਉਣ ਲਈ ਨੈਸ਼ਨਲ ਹਾਈਵੇ 703 ਏ ਨੂੰ ਪੁੱਟ ਕੇ ਸੀਵਰੇਜ ਪਾਉਣ ਨਾਲ ਥਾਂ-ਥਾਂ ਤੇ ਹੋਰ ਵਧੇਰੇ ਟੋਏ ਪੈ ਗਏ ਹਨ, ਜਿਸ ਨਾਲ ਰਾਹਗੀਰਾਂ ਨੂੰ ਆਉਣ ਜਾਣ ਵਿਚ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਨੈਸ਼ਨਲ ਹਾਈਵੇ ਪੁੱਟਣ ਦੀ ਖ਼ਬਰ ਤੱਕ ਨਹੀਂ ਮਿਲੀ | ਉਨ੍ਹਾਂ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਜੀ. ਟੀ. ਰੋਡ ਨੂੰ ਥਾਂ-ਥਾਂ ਤੋਂ ਪੱਟਣ ਵਾਲਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਸੰਬੰਧਿਤ ਐਕਸੀਅਨ ਪ੍ਰੇਮ ਕਮਲ ਨੇ ਕਿਹਾ ਕਿ ਸਾਨੂੰ ਇਸ ਸੀਵਰੇਜ ਪਾਉਣ ਬਾਰੇ ਕੋਈ ਜਾਣਕਾਰੀ ਨਹੀਂ | ਅਸੀਂ ਤੁਰੰਤ ਇਸ ਨੂੰ ਚੈੱਕ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਬਣਦੀ ਕਾਰਵਾਈ ਕਰਾਂਗੇ |