ਸੁਲਤਾਨਪੁਰ ਲੋਧੀ, 9 ਮਾਰਚ (ਥਿੰਦ, ਨਰੇਸ਼ ਹੈਪੀ)-ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜੰਗ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ 'ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ | ਉਨ੍ਹਾਂ ਇਥੋਂ ਜਾਰੀ ਇਕ ਪੈੱ੍ਰਸ ਬਿਆਨ ਵਿਚ ਕਿਹਾ ਕਿ ਜੰਗ ਦੀ ਸਥਿਤੀ ਵਿਚ ਵੀ ਮਨੁੱਖਤਾ ਤੇ ਅੰਤਰਰਾਸ਼ਟਰੀ ਯੁੱਧ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਇਸ ਲਈ ਦੋਵੇਂ ਧਿਰਾਂ ਨੂੰ ਲੋਕਾਂ ਦੇ ਪੀਣ ਵਾਲੇ ਪਾਣੀ ਦੇ ਸਰੋਤਾਂ 'ਤੇ ਹਮਲੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਜਾਣਕਾਰੀ ਮੁਤਾਬਿਕ ਅਮਰੀਕਾ ਵਲੋਂ ਕੀਤੇ ਹਵਾਈ ਹਮਲੇ ਦੌਰਾਨ ਈਰਾਨ ਦੇ ਕੇਸ਼ਮ ਟਾਪੂ 'ਤੇ ਸਥਿਤ ਡੀਸੈਲੀਨੇਸ਼ਨ ਪਲਾਂਟ (ਸਮੁੰਦਰੀ ਖਾਰੇ ਪਾਣੀ ਨੂੰ ਸਾਫ਼ ਕਰਕੇ ਪੀਣ ਯੋਗ ਬਣਾਉਣ ਵਾਲਾ ਪਲਾਂਟ) ਨੂੰ ਨੁਕਸਾਨ ਪਹੁੰਚਿਆ ਹੈ | ਇਸ ਹਮਲੇ ਦੇ ਨਤੀਜੇ ਵਜੋਂ ਟਾਪੂ 'ਤੇ ਵੱਸਦੇ ਕਰੀਬ 30 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋ ਗਈ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਕਿਸੇ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਅਤੇ ਸਾਹ ਲੈਣ ਲਈ ਸਾਫ਼ ਹਵਾ ਤੋਂ ਵਾਂਝਾ ਕਰਨਾ ਬਹੁਤ ਹੀ ਗੈਰ-ਮਨੁੱਖੀ ਅਤੇ ਬੁਜ਼ਦਲਾਨਾ ਕਦਮ ਹੈ |