ਫਗਵਾੜਾ, 9 ਮਾਰਚ (ਹਰਜੋਤ ਸਿੰਘ ਚਾਨਾ)-ਮਾਈ ਭਾਰਤ ਕੇਂਦਰ ਕਪੂਰਥਲਾ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 'ਅਸਮਿਤਾ ਲੀਗ' ਅਧੀਨ ਐਥਲੈਟਿਕਸ ਮੁਕਾਬਲਿਆਂ ਦਾ ਆਯੋਜਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਸਪੋਰਟਸ ਵਿਭਾਗ ਕਪੂਰਥਲਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ | ਇਸ ਮੌਕੇ ਡਾ. ਸੌਰਭ ਲਖਨਪਾਲ ਡਾਇਰੈਕਟਰ ਸਪੋਰਟਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਮੁੱਖ ਮਹਿਮਾਨ ਵਜੋਂ ਮੌਜੂਦ ਸਨ, ਜਦਕਿ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਕੁਲਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਜ਼ਿਲ੍ਹਾ ਯੁਵਾ ਅਫ਼ਸਰ ਕਪੂਰਥਲਾ ਗਗਨਦੀਪ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਖੇਡਾਂ 'ਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਹੈ | ਮੁਕਾਬਲਿਆਂ 'ਚ ਤਿੰਨ ਉਮਰ ਵਰਗਾਂ 13 ਸਾਲ ਤੋਂ ਘੱਟ, 13 ਤੋਂ 18 ਸਾਲ ਤੇ 18 ਸਾਲ ਤੋਂ ਵੱਧ ਲਈ 100 ਮੀਟਰ, 200 ਮੀਟਰ ਤੇ 400 ਮੀਟਰ ਦੌੜਾਂ ਕਰਵਾਈਆਂ ਗਈਆਂ | ਜ਼ਿਲ੍ਹਾ ਖੇਡ ਅਫ਼ਸਰ ਕੁਲਵਿੰਦਰ ਸਿੰਘ ਨੇ ਭਾਗ ਲੈਣ ਵਾਲੀਆਂ ਸਾਰੀਆਂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਹੀ ਸਿਹਤਮੰਦ ਤੇ ਤੰਦਰੁਸਤ ਜੀਵਨ ਜੀਅ ਜਾ ਸਕਦਾ ਹੈ | ਪ੍ਰੋਗਰਾਮ ਦੇ ਅੰਤ 'ਚ ਡਾ. ਸੌਰਭ ਲਖਨਪਾਲ ਨੇ ਸਾਰੇ ਭਾਗੀਦਾਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਨਿਤਿਨ ਭਾਰਦਵਾਜ, ਡਾ. ਵਰੁਣ ਜੋਸ਼ੀ, ਲਖਵਿੰਦਰ ਸਿੰਘ ਤੇ ਫਿੱਟ ਇੰਡੀਆ ਕੋਚ ਪ੍ਰਦੀਪ ਸਿੰਘ ਵੀ ਹਾਜ਼ਰ ਸਨ |