ਕਪੂਰਥਲਾ, 9 ਅਪ੍ਰੈਲ (ਅਮਰਜੀਤ ਕੋਮਲ)-ਮਾਰਕੀਟ ਕਮੇਟੀ ਕਪੂਰਥਲਾ ਅਧੀਨ ਪੈਂਦੀਆਂ 11 ਅਨਾਜ ਮੰਡੀਆਂ 'ਚੋਂ ਮੁੱਖ ਦਾਣਾ ਮੰਡੀ ਕਪੂਰਥਲਾ ਤੇ ਦਾਣਾ ਮੰਡੀ ਫੱਤੂਢੀਂਗਾ 'ਚ ਅਗੇਤੀ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ | ਕਣਕ ਵਿਚ ਨਮੀ ਦੀ ਮਾਤਰਾ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਹੋਣ ਕਾਰਨ ਸਰਕਾਰੀ ਏਜੰਸੀਆਂ ਨੇ ਕਣਕ ਦੀ ਖ਼ਰੀਦ ਨਹੀਂ ਕੀਤੀ | ਪਿਛਲੇ ਦਿਨੀਂ ਹੋਈਆਂ ਬੇਮੌਸਮੀ ਜ਼ੋਰਦਾਰ ਬਾਰਿਸ਼ਾਂ ਕਾਰਨ ਕਣਕ ਦੀ ਕਟਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ, ਕਿਉਂਕਿ ਬਹੁਤ ਸਾਰੇ ਨੀਵੇਂ ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਅਜੇ ਅਗਲੇ ਕੁੱਝ ਦਿਨਾਂ ਵਿਚ ਕਣਕ ਦੀ ਕਟਾਈ ਨਹੀਂ ਹੋ ਸਕਦੀ ਤੇ ਇਸ ਸਮੇਂ ਉੱਚੇ ਖੇਤਾਂ 'ਚ ਕਿਸਾਨ ਕਣਕ ਦੀ ਕਟਾਈ ਕਰਕੇ ਮੰਡੀ ਵਿਚ ਲਿਆ ਰਹੇ ਹਨ, ਜੇ ਮੌਸਮ ਸਾਫ਼ ਰਿਹਾ ਤਾਂ ਅਗਲੇ ਹਫ਼ਤੇ ਕਣਕ ਦੀ ਕਟਾਈ ਤੇਜ਼ੀ ਨਾਲ ਸ਼ੁਰੂ ਹੋਣ ਦੇ ਆਸਾਰ ਹਨ | ਅੱਜ ਕਪੂਰਥਲਾ ਮੰਡੀ 'ਚ 200 ਕੁਇੰਟਲ ਦੇ ਕਰੀਬ ਅਗੇਤੀ ਕਣਕ ਆਈ, ਪਰ ਕਣਕ ਦੀਆਂ ਢੇਰੀਆਂ ਦੀ ਨਮੀ ਚੈੱਕ ਕੀਤੇ ਜਾਣ 'ਤੇ ਉਨ੍ਹਾਂ 'ਚ 20 ਤੋਂ ਲੈ ਕੇ 21 ਫੀਸਦੀ ਨਮੀ ਦੀ ਮਾਤਰਾ ਪਾਈ ਗਈ, ਜਦਕਿ ਖ਼ਰੀਦ ਏਜੰਸੀਆਂ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ 12 ਫੀਸਦੀ ਨਮੀ ਵਾਲੀ ਕਣਕ ਦੀ ਖ਼ਰੀਦ ਕੀਤੀ ਜਾਂਦੀ ਹੈ | ਮੰਡੀ ਦੇ ਐਡੀਸ਼ਨਲ ਯਾਰਡ ਤੇ ਮੁੱਖ ਦਾਣਾ ਮੰਡੀ ਵਿਚ ਕੁੱਝ ਕਿਸਾਨ ਕਟਾਈ ਕਰਕੇ ਲਿਆਂਦੀ ਗਈ ਕਣਕ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਫੜ 'ਤੇ ਸੁਕਾ ਰਹੇ ਹਨ | ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ, ਵੇਅਰ ਹਾਊਸਿੰਗ ਕਾਰਪੋਰੇਸ਼ਨ, ਪਨਸਪ, ਮਾਰਕਫੈੱਡ ਤੇ ਪਨਗਰੇਨ ਨੂੰ ਕਣਕ ਦੀ ਖ਼ਰੀਦ ਲਈ ਕਪੂਰਥਲਾ ਮੰਡੀ ਅਲਾਟ ਕੀਤੀ ਗਈ ਹੈ | ਇਸੇ ਦੌਰਾਨ ਹੀ ਮਾਰਕੀਟ ਕਮੇਟੀ ਦੇ ਸਕੱਤਰ ਸੁਖਦੀਪ ਸਿੰਘ ਨੇ ਦੱਸਿਆ ਕਿ ਕਣਕ ਦੀ ਆਮਦਨ ਨੂੰ ਮੁੱਖ ਰੱਖਦਿਆਂ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਮੰਡੀਆਂ 'ਚ ਆੜ੍ਹਤੀਆਂ ਤੇ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਥੇ ਵਰਨਣਯੋਗ ਹੈ ਕਿ ਜ਼ਿਲ੍ਹੇ 'ਚ ਇਸ ਕਣਕ ਦੇ ਸੀਜ਼ਨ ਵਿਚ 1 ਲੱਖ 6 ਹਜ਼ਾਰ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਸੀ ਤੇ ਮੰਡੀਆਂ 'ਚ 3.11 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ |