ਭੁਲੱਥ, 9 ਅਪ੍ਰੈਲ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ 10 ਗ੍ਰਾਮ ਹੈਰੋਇਨ, ਇਕ ਮੋਟਰਸਾਈਕਲ ਬਿਨਾਂ ਨੰਬਰੀ ਤੇ ਇਕ ਇਲੈਕਟੋ੍ਰਨਿਕ ਕੰਪਿਊਟਰ ਕੰਡੇ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਨਸ਼ਾ ਵਿਰੋਧੀ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਸੰਬੰਧੀ ਚਲਾਈ ਮੁਹਿੰਮ ਤਹਿਤ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਖੱਸਣ ਰੋਡ 'ਤੇ ਸੀ ਤਾਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਕਿ ਦੋ ਨੌਜਵਾਨ ਖੱਸਣ ਰੋਡ ਪਾਣੀ ਵਾਲੇ ਟਿਊਬਵੈੱਲ ਨਜ਼ਦੀਕ ਸ਼ਮਸ਼ਾਨਘਾਟ 'ਤੇ ਨਸ਼ਾ ਵੇਚ ਰਹੇ ਹਨ, ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ | ਜਿਸ 'ਤੇ ਕਾਰਵਾਈ ਕਰਦਿਆਂ ਜਦੋਂ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਵਲੋਂ ਸਾਥੀ ਕਰਮਚਾਰੀਆਂ ਸਮੇਤ ਦੱਸੀ ਹੋਈ ਜਗ੍ਹਾ 'ਤੇ ਛਾਪੇਮਾਰੀ ਕੀਤੀ ਤਾਂ ਉਕਤ ਨੌਜਵਾਨ ਮੋਟਰਸਾਈਕਲ ਸਮੇਤ ਖੜੇ੍ਹ ਸਨ, ਜਿਨ੍ਹਾਂ ਨੂੰ ਪੁਲਿਸ ਕਰਮਚਾਰੀਆਂ ਵਲੋਂ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਂਅ ਮਨਜੀਤ ਸਿੰਘ ਉਰਫ਼ ਕਾਕਾ ਪੁੱਤਰ ਕਰਨੈਲ ਸਿੰਘ ਤੇ ਦੂਸਰੇ ਨੇ ਅਰਮਾਨ ਜੋਤ ਸਿੰਘ ਉਰਫ਼ ਅਰਮਾਨ ਪੁੱਤਰ ਸਰਵਣ ਸਿੰਘ ਵਾਸੀਆਨ ਕਰਨੈਲਗੰਜ ਦੱਸਿਆ | ਉਕਤ ਨੌਜਵਾਨਾਂ ਦੀ ਤਲਾਸ਼ੀ ਲੈਣ 'ਤੇ 10 ਗ੍ਰਾਮ ਹੈਰੋਇਨ ਸਮੇਤ ਮੋਟਰਸਾਈਕਲ ਬਿਨਾਂ ਨੰਬਰੀ ਤੇ ਇਕ ਇਲੈਕਟੋ੍ਰਨਿਕ ਕੰਪਿਊਟਰ ਕੰਡਾ ਬਰਾਮਦ ਹੋਇਆ | ਜਿਸ 'ਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |