ਕਪੂਰਥਲਾ, 9 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 38ਵੇਂ ਸਥਾਪਨਾ ਦਿਵਸ ਦੇ ਸੰਬੰਧ 'ਚ ਇਕ ਸਮਾਗਮ ਕਰਵਾਇਆ | ਜਿਸ 'ਚ ਸਕੂਲ ਦੀ ਚੇਅਰਪਰਸਨ ਰਵਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੀ ਆਰੰਭਤਾ ਪ੍ਰਾਰਥਨਾ ਉਪਰੰਤ ਦੀਪ ਜਗਾਉਣ ਨਾਲ ਹੋਈ | ਬਾਅਦ 'ਚ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ ਨੇ ਸਕੂਲ ਦੇ 38 ਸਾਲ ਦੇ ਸਫ਼ਰ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਆਨੰਦ ਪਬਲਿਕ ਸਕੂਲ ਹਮੇਸ਼ਾ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਿਹਾ ਹੈ ਤੇ ਭਵਿੱਖ 'ਚ ਵੀ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰੇਗਾ | ਚੇਅਰਪਰਸਨ ਰਵਿੰਦਰ ਕੁਮਾਰੀ ਆਨੰਦ ਤੇ ਰੁਚੀ ਆਨੰਦ ਨੇ ਆਨੰਦ ਸਕੂਲ ਦੇ ਅਧਿਆਪਕਾਂ, ਬੱਚਿਆਂ ਨੂੰ ਸਕੂਲ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਰਹਿਣ, ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਪਹਿਲਾਂ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਤੇ ਉਪ ਪਿ੍ੰਸੀਪਲ ਡਾ. ਦੀਪਕ ਅਰੋੜਾ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਵਿੱਦਿਅਕ ਤੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਤੇ ਅਧਿਆਪਕਾਂ ਵਲੋਂ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਦਿਆਰਥੀਆਂ ਨੂੰ ਮਠਿਆਈਆਂ, ਚਾਕਲੇਟ ਤਕਸੀਮ ਕੀਤੇ ਗਏ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਐਕਟੀਵਿਟੀ ਇੰਚਾਰਜ ਨੇਹਾ ਜੋਸ਼ੀ ਤੇ ਸ੍ਰੀਮਤੀ ਕਰੁਣਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਮੌਕੇ ਕੋਆਰਡੀਨੇਟਰ ਬਬੀਤਾ, ਲਵਲੀਨ ਕੌਰ, ਪੂਜਾ ਡਾਵਰ, ਨੰਦਾ, ਕਿਰਨ ਨੰਦਾ, ਸਿ੍ਸ਼ਟੀ ਮਹਾਜਨ, ਰਵਿੰਦਰਜੀਤ ਕੌਰ ਸਮੇਤ ਸਕੂਲ ਦੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |