ਫਗਵਾੜਾ, 13 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਪੁਲਿਸ ਨੇ ਦੋ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਬਰਾਮਦ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਸਿਟੀ ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਸੜਕ 'ਤੇ ਖੜ੍ਹੇ ਹੋ ਕੇ ਹੈਰੋਇਨ ਵੇਚ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਜੈ ਕੁਮਾਰ ਉਰਫ਼ ਸੋਨੂੰ ਉਰਫ਼ ਮੋਨੂੰ ਭੱਠੀ ਵਾਲੀ ਪੁੱਤਰ ਓਮ ਪ੍ਰਕਾਸ਼ ਤੇ ਪੁਨੀਤ ਸ਼ਰਮਾ ਉਰਫ਼ ਕਾਕਾ ਪੁੱਤਰ ਯਸ਼ਪਾਲ ਸ਼ਰਮਾ ਵਾਸੀ ਮੋਤੀ ਬਾਜ਼ਾਰ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਤੇ 670 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਬਰਾਮਦ ਕੀਤੀ ਹੈ | ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਨਾਨਕ ਨਗਰੀ ਦੀ ਬੈਂਕ ਸਾਈਡ ਤੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਾਬੂ ਕੀਤੇ ਵਿਅਕਤੀ ਦੀ ਪਛਾਣ ਉਤਕਰਸ਼ ਭੱਦਰਾ ਪੁੱਤਰ ਉੱਤਮ ਭੱਦਰਾ ਵਾਸੀ ਪਿੰਡ ਕਾਜਲੀ ਹਾਲ ਵਾਸੀ ਨੇੜੇ ਸਿਧਾਏ ਅਪਾਰਟਮੈਂਟ ਮਹੇੜੂ ਵਜੋਂ ਹੋਈ ਹੈ | ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਐਸ. ਐਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੱਖਪੁਰ ਸਾਈਡ ਵਲੋਂ ਆ ਰਹੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਕਾਬੂ ਕੀਤੇ ਵਿਅਕਤੀ ਦੀ ਪਛਾਣ ਮੰਗਤ ਰਾਮ ਉਰਫ਼ ਮੰਗਾ ਪੁੱਤਰ ਰੇਸ਼ਮ ਲਾਲ ਵਾਸੀ ਲੱਖਪੁਰ ਵਜੋਂ ਹੋਈ ਹੈ |