ਸੁਲਤਾਨਪੁਰ ਲੋਧੀ, 19 ਅਪ੍ਰੈਲ (ਨਰੇਸ਼ ਹੈਪੀ)-ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਬਿ੍ਟਿਸ਼ ਵਿਕਟੋਰੀਆ ਸਕੂਲ ਸੁਲਤਾਨਪੁਰ ਲੋਧੀ ਵਲੋਂ ਸੀਨੀਅਰ ਕਲਾਸਾਂ ਦੇ ਵਿਦਿਆਰਥੀਆਂ ਲਈ ਸ਼ਹਿਰ ਦੇ ਪ੍ਰਮੁੱਖ ਅਧਿਆਤਮਿਕ ਤੇ ਇਤਿਹਾਸਕ ਸਥਾਨਾਂ ਦਾ ਸ਼ੈਿਖ਼ਕ ਦੌਰਾ ਆਯੋਜਿਤ ਕੀਤਾ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਸੰਸਕਿ੍ਤਿਕ ਤੇ ਧਾਰਮਿਕ ਵਿਰਾਸਤ ਨਾਲ ਜੋੜਨਾ ਸੀ | ਵਿਦਿਆਰਥੀਆਂ ਨੇ ਆਪਣੀ ਯਾਤਰਾ ਸਕੂਲ ਕੈਂਪਸ ਤੋਂ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਦੀ ਯਾਦ 'ਚ ਬਣਾਇਆ ਗਿਆ ਹੈ | ਬੇਬੇ ਨਾਨਕੀ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਸਿੱਖ ਅਤੇ ਉਨ੍ਹਾਂ ਦੀ ਸਭ ਤੋਂ ਵੱਡੀ ਸਮਰਥਕ ਮੰਨਿਆ ਜਾਂਦਾ ਹੈ | ਇਸ ਤੋਂ ਬਾਅਦ ਉਨ੍ਹਾਂ ਨੇ ਸੰਤ ਘਾਟ ਤੇ ਮੂਲ ਮੰਤਰ ਸਾਹਿਬ ਦਾ ਦੌਰਾ ਕੀਤਾ | ਇਹ ਸਾਰੇ ਸਥਾਨ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਇਆਂ ਦੇ ਗਵਾਹ ਹਨ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਘਟਨਾਵਾਂ ਨੇ ਮਨੁੱਖਤਾ, ਸਮਾਨਤਾ ਤੇ ਅਧਿਆਤਮਿਕ ਜਾਗਰੂਕਤਾ ਦਾ ਰਾਹ ਦਿਖਾਇਆ | ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਸਥਾਨਾਂ ਦੇ ਇਤਿਹਾਸ ਤੇ ਧਾਰਮਿਕ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਿਸ ਨਾਲ ਵਿਦਿਆਰਥੀਆਂ 'ਚ ਆਪਣੀ ਵਿਰਾਸਤ ਪ੍ਰਤੀ ਮਾਣ ਦੀ ਭਾਵਨਾ ਹੋਰ ਮਜ਼ਬੂਤ ਹੋਈ | ਦੌਰੇ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਚ ਲੰਗਰ ਛਕਿਆ ਤੇ ਸੇਵਾ ਕਾਰਜਾਂ 'ਚ ਭਾਗ ਲਿਆ, ਜਿਸ ਨਾਲ ਉਨ੍ਹਾਂ ਵਿਚ ਸੇਵਾ ਤੇ ਸਮਰਪਣ ਦੇ ਸੰਸਕਾਰ ਵਿਕਸਿਤ ਹੋਏ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਸਭਰਵਾਲ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਸੰਸਕਿ੍ਤੀ ਤੇ ਇਤਿਹਾਸ ਨਾਲ ਜੋੜਦੇ ਹਨ | ਇਹ ਸਮਾਗਮ ਚੇਅਰਮੈਨ ਸ਼ਿੰਦਰਪਾਲ ਸਿੰਘ ਤੇ ਐਮ. ਡੀ. ਅਰਸ਼ਦੀਪ ਸਿੰਘ ਦੇ ਮਾਰਗਦਰਸ਼ਨ ਹੇਠ ਸਫਲਤਾਪੂਰਵਕ ਸਮਾਪਤ ਹੋਇਆ |