ਡਡਵਿੰਡੀ, 19 ਅਪ੍ਰੈਲ (ਦਿਲਬਾਗ ਸਿੰਘ ਝੰਡ)-ਸਰਕਾਰੀ ਹਾਈ ਸਕੂਲ ਹੈਬਤਪੁਰ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਤਿਆਰ ਕੀਤਾ ਪ੍ਰਬੰਧਕੀ ਬਲਾਕ ਤੇ ਨਵੇਂ ਕਲਾਸ ਰੂਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ ਵਲੋਂ ਕੀਤਾ | ਇਸ ਮੌਕੇ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਹ ਉਦਘਾਟਨ ਸਿਰਫ਼ ਇਕ ਇਮਾਰਤ ਦਾ ਨਹੀਂ, ਸਗੋਂ ਪੰਜਾਬ 'ਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੀ ਸਪਸ਼ਟ ਝਲਕ ਹੈ ਅਤੇ ਅੱਜ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਿੱਖਿਆ ਦੇ ਖੇਤਰ 'ਚ ਦੇਸ਼ ਭਰ ਵਿਚ ਅੱਗੇ ਵੱਧ ਰਿਹਾ ਹੈ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਦਿ੍ੜ੍ਹ ਇੱਛਾ ਸ਼ਕਤੀ ਤੇ ਪ੍ਰਭਾਵਸ਼ਾਲੀ ਨੀਤੀਆਂ ਦਾ ਨਤੀਜਾ ਹੈ | ਉਨ੍ਹਾਂ ਦੱਸਿਆ ਕਿ ਨਵੀਂ ਇਮਾਰਤ ਦਾ ਨਿਰਮਾਣ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤੇ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ | ਉਨ੍ਹਾਂ ਸਕੂਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੈਬਤਪੁਰ ਸਕੂਲ ਇਕ ਮਿਸਾਲ ਬਣ ਚੁੱਕਾ ਹੈ, ਜੋ ਸਾਬਿਤ ਕਰਦਾ ਹੈ ਕਿ ਸਰਕਾਰੀ ਸਕੂਲ ਕਿਸੇ ਵੀ ਪੱਖੋਂ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈ | ਇਸ ਮੌਕੇ ਉਨ੍ਹਾਂ ਨੇ ਸਕੂਲ ਇੰਚਾਰਜ ਜਗਜੀਤ ਸਿੰਘ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਟੇਟ ਐਵਾਰਡ ਲਈ ਰਿਕਮੈਂਡ ਕੀਤਾ ਜਾਵੇਗਾ | ਇਸ ਮੌਕੇ ਡਿਪਟੀ ਡੀ. ਈ. ਓ. ਰਾਕੇਸ਼ ਭੱਲਾ ਅਤੇ ਸਕੂਲ ਇੰਚਾਰਜ ਜਗਜੀਤ ਸਿੰਘ ਵਲੋਂ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪਿੰਡ ਹੈਬਤਪੁਰ ਦੇ ਸਰਪੰਚ ਬਲਕਾਰ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ ਨੰਢਾ, ਬਲਾਕ ਪ੍ਰਧਾਨ ਗੁਰਚਰਨ ਸਿੰਘ ਬਿੱਟੂ ਜੈਨਪੁਰ, ਸਰਪੰਚ ਮੇਜਰ ਸਿੰਘ ਜੈਨਪੁਰ, ਨੰਬਰਦਾਰ ਸੁਰਿੰਦਰਪਾਲ ਸਿੰਘ ਸੋਢੀ, ਸਾਬਕਾ ਸਰਪੰਚ ਕੇਵਲ ਸਿੰਘ, ਸਾਬਕਾ ਪਿ੍ੰਸੀਪਲ ਅਮਰੀਕ ਸਿੰਘ ਨੰਢਾ, ਪ੍ਰਧਾਨ ਕਸ਼ਮੀਰ ਸਿੰਘ ਨੰਢਾ, ਸਾਬਕਾ ਸਰਪੰਚ ਪਰਮਜੀਤ ਸਿੰਘ ਵਿਪਨ, ਠੇਕੇਦਾਰ ਸੁਖਵਿੰਦਰ ਸਿੰਘ, ਸਕੂਲ ਇੰਚਾਰਜ ਜਗਜੀਤ ਸਿੰਘ ਥਿੰਦ, ਆਸ਼ੂ ਚੋਪੜਾ, ਸੁਖਜਿੰਦਰ ਸਿੰਘ, ਅਨੂਦੀਪ ਕੌਰ, ਦਲਬੀਰ ਕੌਰ, ਰਾਜਬੀਰ ਕੌਰ, ਰਾਜਵੀਰ ਕੌਰ, ਸੌਰਭ ਚੋਪੜਾ ਤੇ ਅਮਿਤਪਾਲ ਸਿੰਘ ਆਦਿ ਹਾਜ਼ਰ ਸਨ |